ਮੂਲ ਨਾਨਕਸ਼ਾਹੀ ਕੈਲੰਡਰ ਤੋਂ ਹਟ ਕੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਏਜੰਸੀ

ਖ਼ਬਰਾਂ, ਪੰਜਾਬ

ਮੂਲ ਨਾਨਕਸ਼ਾਹੀ ਕੈਲੰਡਰ ਤੋਂ ਹਟ ਕੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

image

 


ਗੁਰਦੁਵਾਰਿਆਂ ਨੂੰ  ਲੜੀਆਂ ਨਾਲ ਸ਼ਿੰਗਾਰਿਆ ਅਤੇ ਪਾਲਕੀ ਫੁੱਲਾਂ ਨਾਲ ਸਜਾਈ ਗਈ


ਸ੍ਰੀ ਮੁਕਤਸਰ ਸਾਹਿਬ, 28 ਅਗੱਸਤ (ਗੁਰਦੇਵ ਸਿੰਘ/ਰਣਜੀਤ ਸਿੰਘ): ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ 1 ਸਤੰਬਰ 1604 ਨੂੰ  ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਸ਼ੁਰੂ ਹੋਇਆ ਸੀ ਅਤੇ ਸਦੀਆਂ ਭਰ ਇਹ ਪ੍ਰਕਾਸ ਦਿਹਾੜਾ 1 ਸਤੰਬਰ ਨੂੰ  ਹੀ ਮਨਾਇਆ ਜਾਂਦਾ ਰਿਹਾ ਹੈ | ਪਰ ਕੱੁਝ ਦਹਾਕਿਆਂ ਤੋਂ ਬਿਪਰਵਾਦ ਸਿੱਖਾਂ ਤੇ ਐਨਾ ਭਾਰੂ ਪੈ ਗਿਆ ਹੈ ਕਿ ਗੁਰੂ ਸਾਹਿਬਾਨ ਦੇ ਸਾਰੇ ਪ੍ਰਕਾਸ਼ ਅਤੇ ਸ਼ਹੀਦੀ ਦਿਹਾੜੇ ਮੂਲ ਇਤਿਹਾਸ ਤੋਂ ਹੱਟ ਕੇ ਬਿਪਰਵਾਦ ਸੋਚ ਅਨੁਸਾਰ  ਸਾਰੇ ਹੀ ਇਤਿਹਾਸ ਦਿਹਾੜਿਆਂ ਦੀਆਂ ਤਰੀਕਾਂ ਅੱਗੇ ਪਿੱਛੇ ਕਰ ਦਿਤੀਆਂ ਗਈਆਂ ਹਨ | ਭਾਵੇਂ 2003 ਵਿਚ ਭਾਈ ਪਾਲ ਸਿੰਘ ਪੁਰੇਵਾਲ ਵਲੋਂ ਮੂਲ ਨਾਨਕਸਾਹੀ ਕੈਲੰਡਰ ਤਿਆਰ ਕਰ ਕੇ ਕੌਮ ਨੂੰ  ਸੌਂਪ ਦਿਤਾ ਸੀ ਅਤੇ 2010 ਤਕ ਲਾਗੂ ਵੀ ਰਿਹਾ ਹੈ, ਪਰ ਸਿੱਖ ਕੌਮ ਦੀ ਚੜ੍ਹਦੀ ਕਲਾ ਕਰਨ ਵਾਲੇ ਇਸ ਸਿੱਖ ਪ੍ਰੰਪਰਾ ਦੇ ਧਾਰਨੀ ਕਲੰਡਰ ਦੇ ਪਿੱਛੇ ਕੁੱਝ ਪੰਥ ਵਿਰੋਧੀ ਸ਼ਕਤੀਆਂ ਅਤੇ ਪੁਜਾਰੀਵਾਦ ਹੱਥ ਧੋ ਕੇ ਪੈ ਗਏ | ਜਿੰਨਾ ਚਿਰ ਮੂਲ ਨਾਨਕਸਾਹੀ ਕੈਲੰਡਰ ਰੱਦ ਨਹੀਂ ਕਰ ਦਿਤਾ ਗਿਆ ਅਤੇ ਗੁਰਪੁਰਬ ਅਤੇ ਸ਼ਹੀਦੀ ਪੁਰਬ ਸਮੇਤ ਸਿੱਖ ਇਤਿਹਾਸ ਲਈ ਮੁਢਲੇ ਦਿਹਾੜੇ ਉਸੇ ਤਰੀਕੇ ਪੁਜਾਰੀਵਾਦ ਦੇ ਝੰਡੇ ਹੇਠ ਮਨਾਉਣਾ ਸ਼ੁਰੂ ਨਹੀਂ ਕਰ ਦਿਤੇ ਗਏ ਹਟੇ ਨਹੀਂ |
ਮੂਲ ਨਾਨਕਸਾਹੀ ਕੈਲੰਡਰ ਨੂੰ  ਛੱਡ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੰਪਰਾਵਾਦੀ ਕੈਲੰਡਰ ਨੂੰ  ਬੜਾਵਾ ਦਿੰਦਿਆਂ ਪਹਿਲਾ ਪ੍ਰਕਾਸ਼ ਦਿਹਾੜਾ 1 ਸਤੰਬਰ ਦੀ ਥਾਂ 28 ਅਗੱਸਤ ਨੂੰ  ਹੀ ਮਨਾਇਆ ਗਿਆ | ਇਸ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਜਿਥੇ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਅਤੇ ਬਾਕੀ ਗੁਰਦੁਵਾਰਿਆਂ ਨੂੰ  ਲੜੀਆਂ ਨਾਲ ਸ਼ਿੰਗਾਰਿਆ ਗਿਆ, ਉਥੇ ਪਾਲਕੀ ਸਾਹਿਬ ਵੀ ਫੁੱਲਾਂ ਨਾਲ ਸਜਾਈ ਗਈ | ਹਰ ਸਾਲ ਦੀ ਤਰ੍ਹਾਂ ਸਵੇਰੇ ਕਰੀਬ 3-30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਪ੍ਰਾਰੰਭ ਹੋਇਆ, ਜੋ ਸਰੋਵਰ ਦੀ ਪ੍ਰਕਰਮਾ ਕਰਦਾ ਹੋਇਆ ਕਰੀਬ 4-30 ਵਜੇ ਗੁਰਦੁਆਰਾ ਟੁੱਟੀ ਗੰਢੀ ਵਿਖੇ ਸਮਾਪਤ ਹੋਇਆ | ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼, ਹੁਕਮਨਾਮੇ ਹੋਏ ਅਤੇ ਕੜਾਹ ਪ੍ਰਸ਼ਾਦਿ ਤੋਂ ਬਾਅਦ ਗੁਰੂ ਕੇ ਲੰਗਰ ਸੰਗਤਾਂ ਵਲੋਂ ਅਟੁੱਟ ਵਰਤਾਏ ਗਏ | ਉਕਤ ਜਾਣਕਾਰੀ ਮਨੇਜਰ ਰੇਸ਼ਮ ਸਿੰਘ ਵਲੋਂ ਦਿੰਦਿਆ ਕਿਹਾ ਕਿ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿਚ ਸੰਗਤਾਂ ਭਾਰੀ ਗਿਣਤੀ ਵਿਚ ਗੁਰੂ ਘਰ ਪਹੁੰਚੀਆਂ, ਜਿਨ੍ਹਾਂ ਦਾ ਧਨਵਾਦ ਅਤੇ ਜੀ ਆਇਆਂ ਨੂੰ  ਮੈਂ ਅਪਣੇ ਵਲੋਂ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸਮੁੱਚੇ ਸਟਾਫ਼ ਵਲੋਂ ਕਰਦਾ ਹਾਂ | ਉਨ੍ਹਾਂ ਦਸਿਆ ਕਿ ਸਾਰਾ ਦਿਨ ਪ੍ਰਕਾਸ਼ ਪੁਰਬ ਨੂੰ  ਸਮਰਪਤ ਦੀਵਾਨ ਸਜਾਏ ਜਾਣਗੇ |
ਫੋਟੋ ਫਾਇਲ : ਐਮਕੇਐਸ 28-03