MP ਸੰਦੀਪ ਪਾਠਕ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਤਗਮਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਪੱਤਰ ਲਿਖ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 -ਤੁਹਾਡੀ ਸਫਲਤਾ 'ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ: ਸਾਂਸਦ ਪਾਠਕ 

Sandeep Pathak

ਚੰਡੀਗੜ੍ਹ -  ਰਾਸ਼ਟਰੀ ਖੇਡ ਦਿਵਸ ਅਤੇ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਡਾ: ਸੰਦੀਪ ਪਾਠਕ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਤਗਮੇ ਜਿੱਤਣ ਵਾਲੇ ਪੰਜਾਬ ਦੇ 17 ਖਿਡਾਰੀਆਂ ਨੂੰ ਵਿਅਕਤੀਗਤ  ਪ੍ਰਸ਼ੰਸਾ ਪੱਤਰ ਲਿਖ ਕੇ ਵਧਾਈ ਦਿੱਤੀ। ਡਾ. ਸੰਦੀਪ ਪਾਠਕ ਨੇ ਪੁਰਸ਼ ਹਾਕੀ ਖਿਡਾਰੀਆਂ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਵਰੁਣ ਕੁਮਾਰ, ਕ੍ਰਿਸ਼ਨ ਪਾਠਕ, ਸ਼ਮਸ਼ੇਰ ਸਿੰਘ, ਜਸਮਨਪ੍ਰੀਤ ਸਿੰਘ ਅਤੇ ਜੁਗਰਾਜ ਸਿੰਘ ਨੂੰ ਬਰਮਿੰਘਮ ਵਿੱਚ ਹਾਲ ਹੀ ਵਿੱਚ ਹੋਈਆਂ ਰਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਅਤੇ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਕਾਂਸੀ ਦਾ ਤਗਮਾ ਜਿੱਤਣ 'ਤੇ ਪ੍ਰਸ਼ੰਸ਼ਾ ਪੱਤਰ ਲਿਖੇ।  

ਸੰਸਦ ਮੈਂਬਰ ਨੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਚਾਂਦੀ ਦਾ ਤਗਮਾ ਜਿੱਤਣ ਲਈ; ਵੇਟਲਿਫਟਰ ਵਿਕਾਸ ਠਾਕੁਰ, ਲਵਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਅਤੇ ਹਰਜਿੰਦਰ ਕੌਰ ਨੂੰ ਕਾਂਸੀ ਦੇ ਤਗਮੇ ਜਿੱਤਣ 'ਤੇ ਵਧਾਈ ਦਿੱਤੀ। "ਮੈਂ ਇਹ ਸੰਦੇਸ਼ ਰਾਸ਼ਟਰਮੰਡਲ ਖੇਡਾਂ ਵਿੱਚ ਤੁਹਾਡੀ ਸ਼ਾਨਦਾਰ ਪ੍ਰਾਪਤੀ ਦੀ ਪ੍ਰਸ਼ੰਸਾ 'ਚ ਲਿਖ ਰਿਹਾ ਹਾਂ। ਤੁਹਾਡੀ ਸਫਲਤਾ ਅਤੇ ਤੁਹਾਨੂੰ ਮਿਲ ਰਹੇ ਸਨਮਾਨ ਲਈ ਬਹੁਤ-ਬਹੁਤ ਵਧਾਈਆਂ।"

ਉਨ੍ਹਾਂ ਕਿਹਾ ਕਿ ਆਪਣੀ ਸਫਲਤਾ ਨਾਲ ਤੁਸੀਂ ਆਪਣੇ ਪਰਿਵਾਰ, ਦੋਸਤਾਂ, ਸ਼ਹਿਰ, ਸੂਬੇ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਪੰਜਾਬ ਦੇ ਪ੍ਰਤੀਨਿਧੀ ਵਜੋਂ ਤੁਹਾਨੂੰ ਸਭ ਨੂੰ ਪੰਜਾਬ ਸੂਬੇ ਦਾ ਮਾਣ ਵਧਾਉਣ ਲਈ ਖ਼ਾਸ ਵਧਾਈ ਦਿੰਦਾ ਹਾਂ  "ਤੁਹਾਡਾ ਜਿੱਤ ਯਕੀਨੀ ਬਣਾਉਣ ਵਾਲੇ ਅਤੇ ਹਰ ਕਦਮ 'ਤੇ ਤੁਹਾਡਾ ਸਾਥ ਦੇਣ ਵਾਲਿਆਂ, ਜਿਨ੍ਹਾਂ ਨੇ ਤੁਹਾਨੂੰ ਸਫਲਤਾ ਦੇ ਸਮਰੱਥ ਬਣਾਇਆ, ਨੂੰ ਵੀ ਮੈਂ ਵਿਸ਼ੇਸ਼ ਵਧਾਈਆਂ ਦਿੰਦਾ ਹਾਂ। ਖਿਡਾਰੀਆਂ ਦੀ ਜਿੱਤ ਦੇ ਪਿੱਛੇ, ਉਹ ਵਿਅਕਤੀ ਹੁੰਦੇ ਹਨ ਜੋ ਹਰ ਪਲ ਉਨ੍ਹਾਂ ਦੇ ਨਾਲ ਖੜੇ ਹੁੰਦੇ ਹਨ ਅਤੇ ਖਿਡਾਰੀ ਦੇ ਹੁਨਰ ਨੂੰ ਨਿਖਾਰਦੇ ਹਨ। ਦੇਸ਼ ਦੀ ਇਸ ਸੇਵਾ ਲਈ ਮੈਂ ਤੁਹਾਡੇ ਮਾਤਾ-ਪਿਤਾ, ਕੋਚ ਅਤੇ ਪਰਿਵਾਰਾਂ ਨੂੰ ਸਲਾਮ ਕਰਦਾ ਹਾਂ।"

ਡਾ. ਪਾਠਕ ਨੇ ਅੱਗੇ ਲਿਖਿਆ, "ਮੈਨੂੰ ਯਕੀਨ ਹੈ ਕਿ ਤੁਸੀਂ ਅੱਗੇ ਵੀ ਬਹੁਤ ਸਾਰੀਆਂ ਸਫਲਤਾਵਾਂ ਹਾਸਿਲ ਕਰੋਗੇ ਅਤੇ ਆਉਣ ਵਾਲੇ ਸਮੇਂ 'ਚ ਭਾਰਤ ਦੇ ਝੰਡੇ ਨੂੰ ਹੋਰ ਵੀ ਉਚਾਈਆਂ 'ਤੇ ਲੈ ਜਾਓਂਗੇ।" ਉਹਨਾਂ ਖਿਡਾਰੀਆਂ ਨੂੰ ਭਵਿੱਖ 'ਚ ਉਹਨਾਂ ਵੱਲੋਂ ਪੂਰੀ ਸਹਾਇਤਾ ਦਾ ਭਰੋਸਾ ਵੀ ਦਿੱਤਾ।  ਸਾਂਸਦ ਦੇ ਆਪਣੇ ਟਵੀਟ ਵਿੱਚ ਲਿਖਿਆ, "ਰਾਸ਼ਟਰੀ ਖੇਡ ਦਿਵਸ ਅਤੇ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਵਸ 'ਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੇ ਸਾਰੇ ਤਗਮਾ ਜੇਤੂਆਂ ਨੂੰ ਮੈਂ ਇੱਕ ਪੱਤਰ ਰਾਹੀਂ ਸੰਦੇਸ਼ ਭੇਜਿਆ ਹੈ। ਤੁਸੀਂ ਸਾਰੇ ਭਾਰਤ ਦਾ ਮਾਣ ਹੋ। ਸਾਨੂੰ ਸਾਰੇ ਖਿਡਾਰੀ 'ਤੇ ਮਾਣ ਹੈ।ਭਵਿੱਖ ਵਿੱਚ ਵੀ ਤੁਸੀਂ ਹੋਰ ਤਗਮੇ ਜਿੱਤ ਕੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਦੇ ਰਹੋ।"