ਹੁਣ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਝੋਨੇ ਦੀ ਫ਼ਸਲ ਚੀਨੀ ਵਾਇਰਸ ਦੀ ਲਪੇਟ ਵਿਚ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਝੋਨੇ ਦੀ ਫ਼ਸਲ ਚੀਨੀ ਵਾਇਰਸ ਦੀ ਲਪੇਟ ਵਿਚ

image

ਚੰਡੀਗੜ੍ਹ 28 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਫ਼ਸਲ ਪੱਕਣ ਸਮੇਂ ਕਿਸਾਨਾਂ ਨੂੰ ਕਦੇ ਮੀਂਹ ਤੇ ਗੜ੍ਹਮਾਰੀ ਤੇ ਕਦੇ ਕਿਸੇ ਬੀਮਾਰੀ ਕਾਰਨ ਅਕਸਰ ਹੀ ਨੁਕਸਾਨ ਝੱਲਣਾ ਪੈਂਦਾ ਹੈ | ਇਸ ਵਾਰ ਝੋਨੇ ਦੀ ਪੱਕ ਰਹੀ ਫਸਲ ਚੀਨੀ ਵਾਇਰਸ ਦੀ ਚਪੇਟ 'ਚ ਆ ਚੁੱਕੀ ਹੈ |
ਮਿਲੀ ਜਾਣਕਾਰੀ ਕਾਰਨ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਇਸ ਵਾਇਰਸ ਕਾਰਨ ਝੋਨੇ ਦੇ ਪੌਦਿਆਂ ਦਾ ਵਿਕਾਸ ਰੁਕ ਜਾਣ ਕਾਰਨ ਉਹ ਛੋਟੇ ਰਹਿ ਗਏ ਹਨ | ਪੌਦਿਆਂ ਦੀਆਂ ਜੜ੍ਹਾਂ ਤੇ ਪੱਤੀਆਂ 'ਤੇ ਵੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ | ਇਸ ਨਾਲ ਝੋਨੇ ਦੀ ਫ਼ਸਲ ਦੀ ਪੈਦਾਵਾਰ ਘਟ ਸਕਦੀ ਹੈ | ਭਾਵੇਂ ਪੰਜਾਬ ਖੇਤੀ ਯੂਨੀਵਰਸਿਟੀ ਇਸ ਚੀਨੀ ਵਾਇਰਸ ਬਾਰੇ ਜਾਗਰੂਕ ਹੈ ਅਤੇ ਅਪਣਾ ਕੰਮ ਕਰ ਰਹੀ ਹੈ ਪਰ ਸੂਬੇ ਦੀ ਖੇਤੀ ਵਿਭਾਗ ਇਸ ਵਾਇਰਸ ਨੂੰ ਲੈ ਕੇ ਬੇਅਸਰ ਹੈ | ਸਬੰਧਤ ਜ਼ਿਲਿਆਂ ਦੇ ਖੇਤੀ ਅਫ਼ਸਰਾਂ ਨੂੰ ਹਾਲੇ ਪਤਾ ਹੀ ਨਹੀਂ ਲੱਗਾ ਕਿ ਝੋਨੇ ਦੀ ਫ਼ਸਲ ਚੀਨੀ ਵਾਇਰਸ ਦੀ ਮਾਰ ਹੇਠ ਆ ਚੁੱਕੀ ਹੈ | ਪੰਜਾਬ ਖੇਤੀ ਯੂਨੀਰਸਿਟੀ ਦੇ ਵੀ.ਸੀ. ਡਾ. ਸਤਬੀਰ ਸਿੰਘ ਗੋਸਲ ਨੇ ਦਸਿਆ ਹੈ ਕਿ ਝੋਨੇ ਦੀ ਫ਼ਸਲ ਦੇ ਪੌਦੇ ਐਸ.ਆਰ. ਬੀ.ਐਸ.ਡੀ.ਬੀ. (ਚੀਨੀ ਵਾਇਰਸ) ਕਾਰਨ ਹੀ ਛੋਟੇ ਰਹਿ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਫਤਿਹਗੜ੍ਹ ਸਾਹਿਬ, ਮੋਹਾਲੀ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ ਤੇ ਗੁਰਦਾਸਪੁਰ ਆਦਿ ਜ਼ਿਲਿ੍ਹਆਂ ਤੋਂ ਇਸ ਬਾਰੇ ਯੂਨੀਵਰਸਿਟੀ ਨੂੰ ਜਾਣਕਾਰੀ ਮਿਲੀ ਸੀ | ਇਸ ਤੋਂ ਬਾਅਦ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪ੍ਰਭਾਵਿਤ ਜ਼ਿਲਿ੍ਹਆਂ ਦਾ ਦੌਰਾ ਕਰ ਕੇ ਸੈਂਪਲ ਲਏ | ਇਸ ਦੀ ਜਾਂਚ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ 15 ਤੋਂ 25 ਜੂਨ ਵਿਚਕਾਰ ਬਿਜਾਈ ਅਧੀਨ ਆਈ ਝੋਨੇ ਦੀ ਫ਼ਸਲ ਜ਼ਿਆਦਾ ਪ੍ਰਭਾਵਿਤ ਹੈ | ਖੇਤੀ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ 'ਚ ਪਹਿਲੀ ਵਾਰੀ ਇਸ ਵਾਇਰਸ ਦੇ ਹਮਲੇ ਦਾ ਪਤਾ ਲੱਗਿਆ ਹੈ | ਸਾਲ 2021 'ਚ ਇਸੇ ਤਰ੍ਹਾਂ ਦੇ ਵਾਇਰਸ ਦਾ ਚੀਨ ਦੇ ਦੱਖਣੀ ਹਿੱਸਿਆਂ 'ਚ ਅਸਰ ਹੋਣ ਨਾਲ ਫਸਲ ਦੀ ਪੈਦਾਵਾਰ ਦਾ ਕਾਫੀ ਨੁਕਸਾਨ ਹੋਇਆ ਸੀ | ਇਸ ਵਾਇਰਸ ਦਾ ਕੋਈ ਹੱਲ ਫਿਲਹਾਲ ਖੇਤੀ ਯੂਨੀਵਰਸਿਟੀ ਕੋਲ ਨਹੀਂ ਪਰ ਯੂਨੀਵਰਸਿਟੀ ਦੇ ਮਾਹਰ ਹੱਲ ਦੀ ਖੋਜ਼ 'ਚ ਲੱਗੇ ਹੋਏ ਹਨ |