ਗਰੁਪ ਵਿਚ ਬੈਠ ਕੇ ਭਾਰਤ-ਪਾਕਿ ਮੈਚ ਦੇਖਣ 'ਤੇ ਹੋਵੇਗਾ 5 ਹਜ਼ਾਰ ਦਾ ਜੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

ਗਰੁਪ ਵਿਚ ਬੈਠ ਕੇ ਭਾਰਤ-ਪਾਕਿ ਮੈਚ ਦੇਖਣ 'ਤੇ ਹੋਵੇਗਾ 5 ਹਜ਼ਾਰ ਦਾ ਜੁਰਮਾਨਾ

image

 


ਜੰਮੂ, 28 ਅਗੱਸਤ (ਸਰਬਜੀਤ ਸਿੰਘ): ਐਨਆਈਟੀ ਸ੍ਰੀਨਗਰ ਨੇ ਅਪਣੇ ਵਿਦਿਆਰਥੀਆਂ ਨੂੰ  ਗਰੁਪ 'ਚ ਬੈਠ ਕੇ ਭਾਰਤ-ਪਾਕਿ ਕਿ੍ਕਟ ਮੈਚ ਨਾ ਦੇਖਣ ਦੇ ਨਿਰਦੇਸ਼ ਦਿਤੇ ਹਨ | ਇੰਸਟੀਚਿਊਟ ਨੇ ਅਪਣੇ ਵਿਦਿਆਰਥੀਆਂ ਨੂੰ  ਕਿਹਾ ਹੈ ਕਿ ਉਹ ਐਤਵਾਰ ਨੂੰ  ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਕਿ੍ਕਟ ਮੈਚ ਨੂੰ  ਗਰੁਪਾਂ 'ਚ ਨਾ ਦੇਖਣ ਜਾਂ ਇਸ ਨਾਲ ਸਬੰਧਤ ਕੋਈ ਪੋਸਟ ਸੋਸ਼ਲ ਮੀਡੀਆ 'ਤੇ ਨਾ ਪਾਉਣ |  ਵਿਦਿਆਰਥੀ ਭਲਾਈ ਦੇ ਡੀਨ ਵਲੋਂ ਜਾਰੀ ਨੋਟਿਸ ਵਿਚ ਸੰਸਥਾ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ  ਮੈਚ ਦੌਰਾਨ ਅਪਣੇ ਅਲਾਟ ਕੀਤੇ ਕਮਰਿਆਂ ਵਿਚ ਰਹਿਣ ਲਈ ਕਿਹਾ ਹੈ | ਨੋਟਿਸ 'ਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ  ਪਤਾ ਹੈ ਕਿ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਵੱਖ-ਵੱਖ ਦੇਸ਼ਾਂ ਵਿਚਾਲੇ ਕਿ੍ਕਟ ਟੂਰਨਾਮੈਂਟ ਚਲ ਰਿਹਾ ਹੈ |  ਵਿਦਿਆਰਥੀਆਂ ਨੂੰ  ਹਦਾਇਤ ਕੀਤੀ ਜਾਂਦੀ ਹੈ ਕਿ ਉਹ ਖੇਡਾਂ ਨੂੰ  ਇਕ ਖੇਡ ਵਜੋਂ ਲੈਣ ਅਤੇ ਸੰਸਥਾ ਜਾਂ ਹੋਸਟਲ ਵਿਚ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨਾ ਕਰਨ |
ਇੰਸਟੀਚਿਊਟ ਨੇ ਅਪਣੇ  ਵਿਦਿਆਰਥੀਆਂ ਨੂੰ  ਕਿਹਾ ਹੈ ਕਿ ਜੇਕਰ ਤੁਸੀਂ ਗਰੁਪ 'ਚ ਮੈਚ ਦੇਖਦੇ ਹੋ ਤਾਂ 5 ਹਜ਼ਾਰ ਦਾ ਜੁਰਮਾਨਾ ਲਗਾਇਆ ਜਾਵੇਗਾ | ਐਤਵਾਰ ਦੇ ਮੈਚ ਦੌਰਾਨ ਵਿਦਿਆਰਥੀਆਂ ਨੂੰ  ਹਦਾਇਤ ਕੀਤੀ ਗਈ ਹੈ ਕਿ ਉਹ ਉਨ੍ਹਾਂ ਨੂੰ  ਅਲਾਟ ਕੀਤੇ ਗਏ ਕਮਰਿਆਂ ਵਿਚ ਹੀ ਰਹਿਣ ਅਤੇ ਹੋਰ ਵਿਦਿਆਰਥੀਆਂ ਨੂੰ  ਅਪਣੇ ਕਮਰਿਆਂ ਵਿਚ ਦਾਖ਼ਲ ਨਾ ਹੋਣ ਦੇਣ ਅਤੇ ਗਰੁਪਾਂ ਵਿਚ ਬੈਠ ਕੇ ਮੈਚ ਨਾ ਵੇਖਣ | ਐਨਆਈਟੀ-ਸ੍ਰੀਨਗਰ ਨੇ ਕਿਹਾ,''ਜੇਕਰ ਵਿਦਿਆਰਥੀਆਂ ਦਾ ਇਕ ਸਮੂਹ ਇਕ ਕਮਰੇ ਵਿਚ ਮੈਚ ਦੇਖਦਾ ਮਿਲ ਜਾਂਦਾ ਹੈ, ਤਾਂ ਜਿਨ੍ਹਾਂ ਵਿਦਿਆਰਥੀਆਂ ਨੂੰ  ਉਹ ਵਿਸ਼ੇਸ਼ ਕਮਰਾ ਅਲਾਟ ਕੀਤਾ ਗਿਆ ਹੈ, ਉਨ੍ਹਾਂ ਨੂੰ  ਸੰਸਥਾ ਦੇ ਹੋਸਟਲ ਤੋਂ ਬਾਹਰ ਕੱਢ ਦਿਤਾ ਜਾਵੇਗਾ ਅਤੇ ਇਸ ਵਿਚ ਸ਼ਾਮਲ ਸਾਰੇ ਵਿਦਿਆਰਥੀਆਂ ਨੂੰ  ਘੱਟੋ-ਘੱਟ ਪੰਜ ਹਜ਼ਾਰ ਜੁਰਮਾਨੇ ਦੀ ਸਜ਼ਾ ਦਿਤੀ ਜਾਵੇਗੀ | ਕਿ੍ਕਟ ਮੈਚਾਂ ਨੂੰ  ਲੈ ਕੇ ਕਿਉਂ ਜਾਰੀ ਕੀਤੀਆਂ ਗਈਆਂ ਹਦਾਇਤਾਂ?
ਜ਼ਿਕਰਯੋਗ ਹੈ ਕਿ 2016 ਵਿਚ ਟੀ-20 ਵਿਸ਼ਵ ਕੱਪ ਸੈਮੀਫ਼ਾਈਨਲ ਵਿਚ ਵੈਸਟਇੰਡੀਜ਼ ਤੋਂ ਭਾਰਤ ਦੀ ਹਾਰ ਤੋਂ ਬਾਅਦ, ਇੰਸਟੀਚਿਊਟ ਵਿਚ ਦੂਜੇ ਰਾਜਾਂ ਦੇ ਵਿਦਿਆਰਥੀਆਂ ਅਤੇ ਸਥਾਨਕ ਵਿਦਿਆਰਥੀਆਂ ਵਿਚਕਾਰ ਝੜਪਾਂ ਹੋਈਆਂ ਸਨ ਜਿਸ ਕਾਰਨ ਐਨਆਈਟੀ ਨੂੰ  ਕਈ ਦਿਨਾਂ ਤਕ ਬੰਦ ਰਹਿਣ ਲਈ ਮਜਬੂਰ ਹੋਣਾ ਪਿਆ |