ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਨਾਂਅ 'ਤੇ ਸਾਢੇ 5 ਲੱਖ ਦੀ ਠੱਗੀ, ਜੋੜਾ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਪੰਜਾਬ

ਰਾਹਲ ਟਰੈਵਲਜ਼ ਐਂਡ ਇਮੀਗ੍ਰੇਸ਼ਨ ਕੰਸਲਟੈਂਟਸ 'ਚ ਕੰਮ ਕਰਦਾ ਜੋੜਾ ਗ੍ਰਿਫ਼ਤਾਰ

Visa Fraud

ਚੰਡੀਗੜ੍ਹ : ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਨਾਂ 'ਤੇ ਸਾਢੇ ਪੰਜ ਲੱਖ ਦੀ ਠੱਗੀ ਮਾਰਨ ਵਾਲੇ ਰਾਹਲ ਟਰੈਵਲਜ਼ ਇਮੀਗ੍ਰੇਸ਼ਨ ਕੰਸਲਟੈਂਟ ਦੇ ਮੁਲਾਜ਼ਮ ਜੋੜੇ ਨੂੰ ਸੈਕਟਰ-17 ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਨਿਕਾ ਰਹਿਲ (45) ਅਤੇ ਪਰਮਜੀਤ ਸਿੰਘ (50) ਵਾਸੀ ਜ਼ੀਰਕਪੁਰ ਵਜੋਂ ਹੋਈ ਹੈ।
ਪੁਲਿਸ ਉਕਤ ਪਤੀ-ਪਤਨੀ ਤੋਂ ਪੈਸਿਆਂ ਦੀ ਠੱਗੀ ਬਾਰੇ ਪੁੱਛਗਿੱਛ ਕਰ ਰਹੀ ਹੈ। ਜ਼ੀਰਕਪੁਰ ਦਾ ਰਹਿਣ ਵਾਲਾ ਸੁਰਿੰਦਰ ਕੁਮਾਰ ਵਰਕ ਵੀਜ਼ਾ ਅਪਲਾਈ ਕਰਨ ਲਈ 2016 ਦੌਰਾਨ ਰਾਹਲ ਟਰੈਵਲਜ਼ ਇਮੀਗ੍ਰੇਸ਼ਨ ਕੰਸਲਟੈਂਟ, ਸੈਕਟਰ-17 ਡੀ ਵਿਖੇ ਮੋਨਿਕਾ ਅਤੇ ਪਰਮਜੀਤ ਨੂੰ ਮਿਲਿਆ ਸੀ। ਜੋੜੇ ਨੇ ਟਰੇਡ ਸਰਟੀਫਿਕੇਸ਼ਨ ਪ੍ਰੋਗਰਾਮ ਤਹਿਤ ਕੈਨੇਡਾ ਦੀ ਪੀ.ਆਰ. ਲੈਣ ਦਾ ਭਰੋਸਾ ਦਿੱਤਾ ਸੀ।

ਪੰਜ ਲੱਖ ਰੁਪਏ ਤੋਂ ਇਲਾਵਾ ਕੁਝ ਹੋਰ ਰਕਮ ਵੀ ਲਈ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹਨਾਂ ਨੇ ਪੀ.ਆਰ. ਲਈ ਵਾਹੀਯੋਗ ਜ਼ਮੀਨ ਵੀ ਵੇਚ ਦਿੱਤੀ ਸੀ। ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਅਤੇ ਸ਼ਿਕਾਇਤਕਰਤਾ ਅਤੇ ਉਸ ਦੀ ਪਤਨੀ ਕਈ ਵਾਰ ਦੋਸ਼ੀ ਧਿਰ ਨੂੰ ਮਿਲੇ। ਪੀ.ਆਰ. ਲਗਾਉਣ ਦੀ ਮੰਗ ਕਰਨ 'ਤੇ ਮੁਲਜ਼ਮਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦਾ ਕੇਸ ਕੈਨੇਡਾ ਐਂਟਰੀ ਐਕਸਪ੍ਰੈਸ ਪੂਲ ਵਿਚ ਹੈ ਜਦੋਂ ਕਿ ਸ਼ਿਕਾਇਤਕਰਤਾ ਨੇ ਇਸ ਦੀ ਰਕਮ ਦਾ ਭੁਗਤਾਨ ਨਹੀਂ ਕੀਤਾ। 

ਮੁਲਜ਼ਮਾਂ ਨੇ ਸਿਰਫ਼ ਦੋ ਲੱਖ ਰੁਪਏ ਵਾਪਸ ਕੀਤੇ। ਬਾਕੀ ਪੈਸੇ ਵਾਪਸ ਨਾ ਕਰਨ 'ਤੇ ਪੀੜਤਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਸੈਕਟਰ-17 ਥਾਣੇ ਦੀ ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਉਕਤ ਕੰਪਨੀ ਅਤੇ ਉਸ ਦੇ ਮੁਲਾਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ ਜਾਂਚ ਜਾਰੀ ਹੈ।