ਪਾਕਿਸਤਾਨ ਦੇ ਹੱਕ 'ਚ ਤੇ ਭਾਰਤ ਵਿਰੋਧੀ ਨਾਅਰਿਆਂ ਵਾਲੇ ਸੇਬ ਮਿਲਣ ਨਾਲ ਸਨਸਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਸ਼ਮੀਰ ਤੋਂ ਆਏ ਸੇਬਾਂ ਵਾਲੀ ਪੇਟੀ 'ਚੋਂ ਦੋ ਸੇਬ 'ਪਾਕਿਸਤਾਨ ਜ਼ਿੰਦਾਬਾਦ' ਤੇ 'ਹਿੰਦੁਸਤਾਨ ਮੁਰਦਾਬਾਦ' ਦੀ ਲਿਖੀ ਸ਼ਬਦਾਵਲੀ ਵਾਲੇ ਮਿਲਣ ਨਾਲ ਸਨਸਨੀ ਫੈਲ ਗਈ...........

Apples

ਕੋਟਕਪੂਰਾ : ਕਸ਼ਮੀਰ ਤੋਂ ਆਏ ਸੇਬਾਂ ਵਾਲੀ ਪੇਟੀ 'ਚੋਂ ਦੋ ਸੇਬ 'ਪਾਕਿਸਤਾਨ ਜ਼ਿੰਦਾਬਾਦ' ਤੇ 'ਹਿੰਦੁਸਤਾਨ ਮੁਰਦਾਬਾਦ' ਦੀ ਲਿਖੀ ਸ਼ਬਦਾਵਲੀ ਵਾਲੇ ਮਿਲਣ ਨਾਲ ਸਨਸਨੀ ਫੈਲ ਗਈ। ਪੁਲਿਸ ਨੇ ਵੱਡੀ ਪੱਧਰ 'ਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ ਤੇ ਸ਼ਹਿਰ 'ਚ ਉਕਤ ਘਟਨਾ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀ ਦੰਦਕਥਾ ਛਿੜ ਪਈ ਹੈ।  ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਜੈਤੋ ਸੜਕ 'ਤੇ ਸਥਿੱਤ ਮਹਿਤਾ ਚੋਂਕ ਵਿਖੇ ਫੱਲ ਫ਼ਰੂਟ ਦੀ ਰੇਹੜੀ ਲਾਉਣ ਵਾਲੇ ਦਰਸ਼ਨ ਲਾਲ ਪੁੱਤਰ ਦੀਵਾਨ ਚੰਦ ਨੇ ਸਬਜ਼ੀ ਮੰਡੀ 'ਚੋਂ ਥੌਕ 'ਚ ਖ਼ਰੀਦੀਆਂ 13 ਸੇਬਾਂ ਦੀਆਂ ਪੇਟੀਆਂ 'ਚੋਂ ਅਜੇ 6 ਪੇਟੀਆਂ ਹੀ ਖੋਲ੍ਹੀਆਂ ਸਨ

ਕਿ ਵਿਚੋਂ 2 ਸੇਬਾਂ ਉੱਪਰ ਪਾਕਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਮੁਰਦਾਬਾਦ ਤੇ ਇਕ ਮੁਸਲਿਮ ਜਥੇਬੰਦੀ ਦੇ ਅਲੱਗਵਾਦੀ ਨੇਤਾ ਬਾਰੇ ਕਾਲੇ ਰੰਗ ਦੇ ਸਕੈੱਚ ਨਾਲ ਲਿਖੀ ਸ਼ਬਦਾਵਲੀ ਪੜ੍ਹ ਕੇ ਉਸ ਦੇ ਹੋਸ਼ ਉੱਡ ਗਏ। ਉਸ ਨੇ ਤੁਰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੂੰ ਦੱਸੀ ਕਹਾਣੀ ਅਨੁਸਾਰ ਦਰਸ਼ਨ ਲਾਲ ਨੇ ਉਕਤ ਪੇਟੀਆਂ ਸ਼੍ਰੀ ਕ੍ਰਿਸ਼ਨਾ ਫ਼ੂਡ ਕੰਪਨੀ ਦੇ ਮਾਲਕ ਜਤਿੰਦਰ ਕੁਮਾਰ ਪੁੱਤਰ ਰਾਧਾ ਕ੍ਰਿਸ਼ਨ ਵਾਸੀ ਪ੍ਰੇਮ ਨਗਰ ਕੋਟਕਪੂਰਾ ਤੋਂ ਖ਼ਰੀਦੀਆਂ ਸਨ ਤੇ ਥੌਕ ਵਪਾਰੀ ਨੇ ਦਸਿਆ ਕਿ ਉਹ ਉਕਤ ਫਲ ਫ਼ਰੂਟ ਜਲਾਲਾਬਾਦ ਦੀ ਇਕ ਫ਼ਰਮ ਤੋਂ ਖ਼ਰੀਦਦਾ ਹੈ

ਜਦਕਿ ਜਲਾਲਾਬਾਦ ਵਾਲੇ ਵਪਾਰੀ ਕਈ ਟਰੱਕਾਂ ਦੇ ਹਿਸਾਬ ਨਾਲ ਸੇਬ ਕਸ਼ਮੀਰ ਤੋਂ ਮੰਗਵਾਉਂਦੇ ਹਨ। ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਨਰੇਸ਼ ਕੁਮਾਰ ਸਹਿਗਲ ਨੇ ਆਖਿਆ ਕਿ ਇਹ ਸਾਡੇ ਦੇਸ਼ ਵਾਸੀਆਂ ਨੂੰ ਡਰਾਉਣ ਦੀ ਇਕ ਸਾਜਿਸ਼ ਹੈ ਪਰ ਅਸੀਂ ਅਜਿਹੀਆਂ ਸਾਜਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਜੁਰਅੱਤ ਰੱਖਦੇ ਹਾਂ। ਮਨਵਿੰਦਰਬੀਰ ਸਿੰਘ ਡੀਐਸਪੀ ਕੋਟਕਪੂਰਾ ਨੇ ਉਕਤ ਸੇਬ ਕਬਜ਼ੇ 'ਚ ਲੈਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਤੇ ਪੜਤਾਲ ਉਪਰੰਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।