ਕਿਸਾਨਾਂ ਨੇ ਫਿਰ ਰੋਕਿਆ ਰੇਲ ਦਾ ਪਹੀਆ, ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਛੇਵੇਂ ਦਿਨ ਵੀ ਜਾਰੀ
ਸਮੁੱਚੀ ਜਨਤਾ ਨੂੰ ਕਾਰਪੋਰੇਟ ਘਰਾਣਿਆਂ ਦੇ ਪ੍ਰੋਡਕਟਾਂ ਦਾ ਬਾਈਕਾਟ ਕਰਨ ਦਾ ਦਿੱਤਾ ਸੱਦਾ
ਅੰਮ੍ਰਿਤਸਰ - ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਛੇਵੇਂ ਦਿਨ ਵੀ ਜਾਰੀ ਹੈ। ਅੱਜ ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ ਦਿੱਲੀ- ਅੰਮ੍ਰਿਤਸਰ ਤੇ ਰੇਲ ਆਵਾਜਾਈ ਠੱਪ ਕਰਕੇ ਭਾਰੀ ਗਿਣਤੀ ਵਿਚ ਕਿਸਾਨ, ਮਜਦੂਰਾਂ ਵੱਡੀ ਤਾਦਾਦ ਧਰਨੇ ਚ ਸ਼ਾਮਲ ਹੋਈ। ਜਿੰਨਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਮੁੱਚੀ ਜਨਤਾ ਨੂੰ ਕਾਰਪੋਰੇਟ ਘਰਾਣਿਆਂ ਦੇ ਪ੍ਰੋਡਕਟਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਦੱਸ ਦਈਏ ਕਿ ਕਿਸਾਨਾਂ ਨੇ ਇਹ ਰੋਲ ਰੋਕੋ ਅੰਦੋਲਨ ਪਹਿਲਾਂ 24 ਤਾਰੀਕ ਤੋਂ ਸ਼ੁਰੂ ਕਰ ਕੇ 26 ਤਾਰੀਕ ਤੱਕ ਰੱਖਿਆ ਸੀ
ਪਰ ਇਸ ਤੋਂ ਬਾਅਦ ਉਹਨਾਂ ਨੇ ਆਪਣਾ ਸੰਘਰਸ਼ ਤਿੱਖਾ ਕਰਨ ਲਈ ਇਸ ਅੰਦੋਲਨ ਨੂੰ ਵਧਾ ਕੇ 29 ਸਤੰਬਰ ਤੱਕ ਕਰ ਦਿੱਤਾ ਸੀ ਜੋ ਕਿ ਅੱਜ 29 ਸਤੰਬਰ ਛੇਵੇਂ ਦਿਨ ਵੀ ਜਾਰੀ ਹੈ। ਫਿਰ ਇਸ ਤੋਂਕੁੱਝ ਸਮੇਂ ਬਾਅਦ ਹੀ ਕਿਸਾਨਾਂ ਵੱਲੋਂ ਇਹ ਅੰਦੋਲਨ 1 ਅਕਤੂਬਰ ਤੱਕ ਕਰ ਦਿੱਤਾ। ਕਿਸਾਨਾਂ ਨੇ ਸਾਫ਼ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਉਹ ਧਰਨਿਆਂ ਦਾ ਸਿਆਸੀਕਰਨ ਨਹੀਂ ਹੋਣ ਦੇਣਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਸਾਰੀਆਂ ਦੀ ਸਿਆਸੀ ਪਾਰਟੀਆਂ ਆਪਣੇ ਵੋਟ ਬੈਂਕ ਲਈ ਹੁਣ ਵੀ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀਆਂ ਨੂੰ ਕਿਸਾਨਾਂ ਦੀ ਇੰਨੀ ਹੀ ਫਿਕਰ ਸੀ ਤਾਂ ਇਹ ਬਿੱਲ ਪਾਸ ਹੋਣ ਦੀ ਨੌਬਤ ਹੀ ਨਹੀਂ ਆਉਣੀ ਸੀ। ਦੱਸ ਦਈਏ ਕਿ ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਸਣੇ ਕਈ ਸੂਬਿਆਂ ਦੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਸਾਨਾਂ ਨੇ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਸੀ ਜਿਸ ਨੂੰ ਪੂਰੇ ਪੰਜਾਬ ਵੱਲੋਂ ਭਰਵਾਂ ਹੁੰਗਾਰਾ ਮਿਲਿਆ।