ਇਕ ਹਫ਼ਤੇ 'ਚ ਸੱਦਿਆ ਜਾਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ - ਕੈਪਟਨ ਅਮਰਿੰਦਰ
ਕਿਸਾਨ ਜੱਥੇਬੰਦੀਆਂ ਦੀ ਮੀਟਿੰਗ 'ਚ ਦਿਵਾਇਆ ਭਰੋਸਾ
ਚੰਡੀਗੜ੍ਹ - ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਵੱਖ-ਵੱਖ 31 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਕੈਪਟਨ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਰੋਜ਼ੀ-ਰੋਟੀ ਬਚਾਉਣ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਖੀਰ ਤੱਕ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਸਾਰੇ ਕਾਨੂੰਨੀ ਤਰੀਕਿਆਂ ਦੀ ਪੜਤਾਲ ਹੋ ਰਹੀ ਹੈ।
ਕਿਸਾਨਾਂ ਨੂੰ ਹੋਰ ਦੁੱਖ ਨਹੀਂ ਸਹਿਣਾ ਪਵੇਗਾ ਅਤੇ ਉਹਨਾਂ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ ਤੇ ਸਰਕਾਰ ਹਰ ਸੰਘਰਸ਼ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਇਸ ਮੌਕੇ ਕਿਸਾਨ ਲੀਡਰ ਰੁਲਦੂ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਦਮ ਚੁੱਕਿਆ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿਚੋਂ ਬਾਹਰ ਕੱਢ ਦਿਆਂਗੇ।
ਉਨ੍ਹਾਂ ਕਿਹਾ ਕਿ ਅਸੀਂ ਇਨਕਲਾਬ ਮੰਗਦੇ ਹਾਂ, ਅਸੀਂ ਧਰਮ ਤੇ ਜਾਤ ਦੀ ਲੜਾਈ ਨਹੀਂ ਲੜ ਰਹੇ। ਅਸੀਂ ਖਾਲਿਸਤਾਨ ਨਾਲ ਸਹਿਮਤ ਨਹੀਂ ਹਾਂ। ਕੈਪਟਨ ਨਾਲ ਮੁਲਾਕਾਤ ਕਰਨ ਮਗਰੋਂ ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਖੇਤੀ ਕਾਨੂੰਨ ਨੂੰ ਪੰਜਾਬ ਵਿਚ ਲਾਗੂ ਨਹੀਂ ਹੋਣ ਦਿਆਂਗੇ। ਮੁੱਖ ਮੰਤਰੀ ਨੂੰ ਅਸੀਂ ਮਜ਼ਬੂਰ ਕੀਤਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਦਾ ਵਪਾਰ ਪਾਕਿਸਤਾਨ ਨਾਲ ਠੀਕ ਹੋਵੇ। ਇਸ ਨਾਲ ਕਿਸਾਨਾਂ ਨੂੰ ਕਈ ਫਾਇਦੇ ਹੋ ਸਕਦੇ ਹਨ। ਕਿਸਾਨ ਲੀਡਰਾਂ ਨੇ ਸਿਆਸੀ ਪਾਰਟੀਆਂ ਖਿਲਾਫ਼ ਬੋਲਦਿਆਂ ਕਿਹਾ ਕਿ ਕਿਸਾਨ ਪ੍ਰਦਰਸ਼ਨ ਨੇ ਸਾਰੀਆਂ ਪਾਰਟੀਆ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਹੈ। ਅੱਜ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਕਾਨੂੰਨੀ ਅੜਚਨਾ ਹਨ ਪਰ ਪੰਜਾਬ ਸਰਕਾਰ ਮਤਾ ਪਾਵੇ ਤੇ ਆਪਣਾ ਫਰਜ਼ ਪੂਰਾ ਕਰੇ।
ਗਵਰਨਰ ਸਾਈਨ ਕਰਦਾ ਹੈ ਜਾਂ ਨਹੀਂ ਉਹ ਅਸੀਂ ਦੇਖਾਂਗੇ। ਇਹ ਲੜਾਈ ਪੰਜਾਬ ਤੱਕ ਨਹੀਂ ਰਹੇਗੀ ਸਗੋਂ ਇਹ ਦੇਸ਼ ਭਰ ਤੱਕ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਨੇ ਪੱਕਾ ਭਰੋਸਾ ਦਿੱਤਾ ਹੈ ਕਿ ਇੱਕ ਹਫ਼ਤੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਜ਼ਿੰਮੇਵਾਰੀ ਲਈ ਕਿ ਜੇ ਗਵਰਨਰ ਦਸਤਖ਼ਤ ਨਹੀਂ ਕਰਨਗੇ ਤਾਂ ਗਵਰਨਰ ਦਾ ਘਿਰਾਉ ਕਰਾਂਗੇ।