ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪ੍ਰਨੀਤ ਕੌਰ ਨੂੰ  ਪੀ.ਪੀ.ਸੀ.ਸੀ ਪ੍ਰਧਾਨ ਬਣਾਉਣ ਦੀ ਮੰਗ ਉਠੀ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪ੍ਰਨੀਤ ਕੌਰ ਨੂੰ  ਪੀ.ਪੀ.ਸੀ.ਸੀ ਪ੍ਰਧਾਨ ਬਣਾਉਣ ਦੀ ਮੰਗ ਉਠੀ

image


ਨਵਜੋਤ ਸਿੱਧੂ ਸਮਰਥਕ ਚਿੰਤਾਵਾਂ ਦੇ ਘੇਰੇ ਵਿਚ ਘਿਰੇ

ਪਟਿਆਲਾ, 28 ਸਤੰਬਰ (ਦਲਜਿੰਦਰ ਸਿੰਘ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਡੀ.ਜੀ.ਪੀ. ਪੰਜਾਬ ਤੇ ਐਡਵੋਕੇਟ ਜਨਰਲ ਨੂੰ  ਅਹੁਦੇ ਤੋਂ ਹਟਾਏ ਜਾਣ ਦੀ ਮੰਗ ਨੂੰ  ਲੈ ਕੇ ਦਿਤੇ ਗਏ ਅਸਤੀਫ਼ੇ ਨਾਲ ਜਿਥੇ ਸਿੱਧੂ ਸਮਰਥਕਾਂ ਵਿਚ ਚਿੰਤਾਵਾਂ ਹੀ ਚਿੰਤਾਵਾਂ ਪਾਈਆਂ ਜਾ ਰਹੀਆਂ ਹਨ, ਉਥੇ ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਨੀਤ ਕੌਰ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ ਤੇ ਮੰਗ ਕੀਤੀ ਜਾ ਰਹੀ ਹੈ ਜੇਕਰ ਪੰਜਾਬ ਕਾਂਗਰਸ ਨੂੰ  ਬਚਾਉਣਾ ਹੈ ਤਾਂ ਪ੍ਰਨੀਤ ਕੌਰ ਨੂੰ  ਪੀ.ਪੀ.ਸੀ.ਸੀ. ਦਾ ਪ੍ਰਧਾਨ ਬਣਾਉਣਾ ਸਮੇਂ ਦੀ ਲੋੜ ਹੈ |
ਪੀ.ਪੀ.ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ਾ ਦੇਣ ਦੀਆਂ ਚਰਚਾਵਾਂ ਦਾ ਦੌਰ ਹਾਲੇ ਮੁਕਿਆ ਹੀ ਨਹੀਂ ਸੀ ਕਿ ਸਿੱਧੂ ਵਲੋਂ ਹੀ ਨਿਯੁਕਤ ਕੀਤੇ ਗਏ ਪੀ.ਪੀ.ਸੀ.ਸੀ. ਦੇ ਖ਼ਜ਼ਾਨਚੀ ਗੁਲਜ਼ਾਰ ਸਿੰਘ ਚਹਿਲ ਵਲੋਂ ਵੀ ਅਸਤੀਫ਼ਾ ਦੇ ਦਿਤਾ ਗਿਆ ਤੇ ਸਿੱਧੂ ਦੇ ਹੱਕ ਵਿਚ ਸਮਰਥਨ ਦਿਤਾ ਗਿਆ | ਇਸੇ ਤਰ੍ਹਾਂ ਕੈਬਨਿਟ ਮੰਤਰੀ ਵਜੋਂ ਸਹੰੂ ਚੁੱਕਣ ਵਾਲੀ ਰਜ਼ੀਆ ਸੁਲਤਾਨਾ ਵਲੋਂ ਅਤੇ ਜਾਣਕਾਰੀ ਅਨੁਸਾਰ ਚੇਅਰਮੈਨ ਪੀ.ਆਰ.ਟੀ.ਸੀ. ਕੇ.ਕੇ. ਸ਼ਰਮਾ ਨੇ ਵੀ ਅੱਜ ਅਪਣਾ ਅਸਤੀਫ਼ਾ ਦੇ ਦਿਤਾ ਹੈ | ਸਿੱਧੂ ਦੇ ਅਸਤੀਫ਼ਾ ਦੇਣ ਤੋਂ ਬਾਅਦ ਸ਼ਾਹੀ ਸ਼ਹਿਰ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵਲੋਂ ਵੀ ਟਵੀਟ ਕੀਤਾ ਗਿਆ ਹੈ ਕਿ ਉਥੇ ਆਮ ਲੋਕਾਂ ਵਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਨੀਤ ਕੌਰ ਨੂੰ  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਥਾਪਿਆ ਜਾਵੇ ਤਾਂ ਜੋ ਪੰਜਾਬ ਕਾਂਗਰਸ ਨੂੰ  ਬਚਾਇਆ ਜਾ ਸਕੇ |