ਫ਼ਸਲਾਂ ਦੇ ਨੁਕਸਾਨ ਲਈ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਕਾਂਗਰਸ ਸਰਕਾਰ : ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਫ਼ਸਲਾਂ ਦੇ ਨੁਕਸਾਨ ਲਈ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਕਾਂਗਰਸ ਸਰਕਾਰ : ਢੀਂਡਸਾ

image

ਚੰਡੀਗੜ੍ਹ, 28 ਸਤੰਬਰ (ਨਰਿੰਦਰ ਸਿੰਘ ਝਾਂਮਪੁਰ) : ਗੁਲਾਬੀ ਸੁੰਡੀ ਦੇ ਹਮਲੇ ਨਾਲ ਮਾਲਵਾ ਪੱਟੀ ਵਿਚ ਕਪਾਹ ਦੀ ਬਰਬਾਦ ਹੋਈ ਫ਼ਸਲ ’ਤੇ ਭਾਰੀ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਨੂੰ ਤੁਰਤ ਕੀਟਾਂ ਦੇ ਹਮਲੇ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੀਆਂ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 30 ਹਜ਼ਾਰ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ ਹੈ। 
ਇਥੇ ਜਾਰੀ ਬਿਆਨ ਵਿਚ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਗੁਲਾਬੀ ਮੱਖੀ ਅਤੇ ਕੀਟ ਪਤੰਗਿਆਂ ਦੇ ਹਮਲਿਆਂ ਕਾਰਨ ਵੱਖ-ਵੱਖ ਥਾਵਾਂ ’ਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਦੁਆਬੇ ਵਿਚ ਵੀ ਸੈਂਕੜੇ ਏਕੜ ਮੱਕੀ ਅਤੇ ਗੰਨੇ ਦੀ ਫ਼ਸਲ ਮਾਰੂ ਮੌਸਮ ਅਤੇ ਕੀਟਾਂ ਦੇ ਹਮਲੇ ਨਾਲ ਨਸ਼ਟ ਹੋ ਗਈ ਹੈ ਪਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੇ ਬਜਾਏ ਪੰਜਾਬ ਦੀ ਕਾਂਗਰਸ ਸਰਕਾਰ ਦੇ ਵਜੀਰ ਕੁਰਸੀ ਲਈ ਆਪਸ ਵਿਚ ਲੜ ਰਹੇ ਹਨ ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਵਿਚ ਪਿਛਲੇ ਲੰਮੇ ਸਮੇਂ ਤੋਂ ਕੁਰਸੀ ਲਈ ਚਲ ਰਹੇ ਕਲੇਸ਼ ਨੂੰ ਛੱਡ ਕੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਸਲਾਹ ਦਿਤੀ ਹੈ। ਸ. ਢੀਂਡਸਾ ਨੇ ਮੁੱਖ ਮੰਤਰੀ ਨੂੰ ਪੀੜਤ ਕਿਸਾਨਾਂ ਨੂੰ ਘੱਟੋ-ਘੱਟ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਨੁਕਸਾਨ ਦੀ ਭਰਪਾਈ ਲਈ ਕੁੱਝ ਹੱਦ ਤਕ ਵਿੱਤੀ ਰਾਹਤ ਮਿਲ ਸਕੇ।
ਐਸਏਐਸ-ਨਰਿੰਦਰ-28-5