ਸਾਰੇ ਪੈਟਰੋਲ ਪੰਪਾਂ ’ਤੇ ਸੋਲਰ ਚਾਰਜਿੰਗ ਸਟੇਸ਼ਨ ਲਗਾਉਣ ਲਈ ਕਦਮ ਚੁੱਕੇ ਜਾਣ: ਰਾਜ ਕੁਮਾਰ ਵੇਰਕਾ
ਕੈਬਨਿਟ ਮੰਤਰੀ ਵੱਲੋਂ ਆਪਣੀ ਪਲੇਠੀ ਮੀਟਿੰਗ ਦੌਰਾਨ ਪੇਡਾ ਦੀਆਂ ਸਕੀਮਾਂ ਦਾ ਜਾਇਜ਼ਾ ਲਿਆ ਗਿਆ।
ਚੰੰਡੀਗੜ੍ਹ: ਪੰਜਾਬ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਇਲੈਕਟਿ੍ਕ ਵਾਹਨਾਂ ਨੂੰ ਪ੍ਰਮੋਟ ਕਰਨ ਲਈ ਪ੍ਰਮੁੱਖ ਤੇਲ ਕੰਪਨੀਆਂ ਨਾਲ ਗੱਲਬਾਤ ਕਰਕੇ ਸਾਰੇ ਪੈਟਰੋਲ ਪੰਪਾਂ ’ਤੇ ਸੋਲਰ ਚਾਰਜਿੰਗ ਸਟੇਸ਼ਨ ਲਗਾਉਣ ਲਈ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਇਲੈਕਟਿ੍ਕ ਵਾਹਨਾਂ ਨੂੰ ਚਾਰਜ ਕਰਨ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ।
ਅੱਜ ਸਥਾਨਿਕ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਭਵਨ ਵਿਖੇ ਆਪਣੀ ਪਹਿਲੀ ਮੀਟਿੰਗ ਦੌਰਾਨ ਪੇਡਾ ਦੀਆਂ ਸਕੀਮਾਂ ਦਾ ਜਾਇਜ਼ਾ ਲੈਂਦੇ ਹੋਏ ਡਾ. ਰਾਜ ਕੁਮਾਰ ਵੇਰਕਾ ਨੇ ਪ੍ਰਦਰਸ਼ਨੀ ਪ੍ਰੋਗਰਾਮ ਤਹਿਤ ਐਨਰਜੀ ਐਫੀਸੈਂਟ ਬਿਲਡਿੰਗ ਬਣਾਉਣ ਲਈ ਮੁਫ਼ਤ ਜ਼ਮੀਨ ਮੁਹੱਈਆ ਕਰਵਾਉਣ ਲਈ ਸਹਿਮਤੀ ਪ੍ਰਗਟਾਈ। ਇਹ ਬਿਲਡਿੰਗ ਬਣਾਉਣ ਲਈ ਸਾਰਾ ਖਰਚਾ ਭਾਰਤ ਸਰਕਾਰ ਵੱਲੋਂ ਕੀਤਾ ਜਾਣਾ ਹੈ। ਉਨ੍ਹਾਂ ਨੇ ਖੇਤੀਬਾੜੀ ਲਈ ਸੋਲਰ ਪੰਪ ਵੱਧ ਤੋ ਵੱਧ ਲਗਾਏ ਜਾਣ ’ਤੇ ਜ਼ੋਰ ਦਿੱਤਾ ਤਾਂ ਜੋ ਕਿਸਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਡਾ. ਵੇਰਕਾ ਨੇ ਪੇਡਾ ਵੱਲੋਂ ਹੋਰ ਵਧੇਰੇ ਪ੍ਰੋਜੈਕਟ ਲਗਾਉਣ ’ਤੇ ਵੀ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਸੀ.ਈ.ਓ ਪੇਡਾ ਨਵਜੋਤ ਪਾਲ ਸਿੰਘ ਰੰਧਾਵਾ ਨੇ ਡਾ. ਵੇਰਕਾ ਦਾ ਸਵਾਗਤ ਕਰਦਿਆਂ ਪੇਡਾ ਦੀਆਂ ਮੁੱਖ ਪ੍ਰਾਪਤੀਆਂ ਅਤੇ ਸਕੀਮਾਂ/ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਪੇਡਾ ਵੱਲੋਂ 1700 ਮੈਗਾਵਾਟ ਰੀਨਿਊਏਬਲ ਐਨਰਜੀ ਨਾਲ ਸਬੰਧਤ ਪ੍ਰੋਜੈਕਟ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਸ ਵਿਚੋਂ 970 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਲਗਾਏ ਗਏ ਹਨ। ਰੰਧਾਵਾ ਨੇ ਇਹ ਵੀ ਦੱਸਿਆ ਕਿ ਪੇਡਾ ਵੱਲੋਂ ਝੋਨੇ ਦੀ ਪਰਾਲੀ ਦੇ ਅਧਾਰਿਤ ਵੱਧ ਤੋਂ ਵੱਧ ਪ੍ਰੋਜੈਕਟ ਲਗਾਏ ਜਾ ਰਹੇ ਹਨ। ਕੁੱਲ 260 ਟਨ ਸੀ.ਬੀ.ਜੀ ਪੈਦਾ ਕਰਨ ਦੀ ਸਮਰੱਥਾ ਵਾਲੇ 23 ਪ੍ਰੋਜੈਕਟ ਉਸਾਰੀ ਅਧੀਨ ਹਨ ਅਤੇ ਇਨ੍ਹਾਂ ਵਿਚੋਂ ਏਸ਼ੀਆ ਦਾ ਸਭ ਤੋ ਵੱਡਾ ਸੀ.ਬੀ.ਜੀ ਪ੍ਰੋਜੈਕਟ ਵੀ ਹੈ ਜਿਸ ਦੀ ਸਮਰੱਥਾ 33.23 ਟਨ ਕੰਪਰੈਸਡ ਬਾਇਓਗੈਸ (ਸੀ.ਬੀ.ਜੀ) ਪ੍ਰਤੀ ਦਿਨ ਹੈ।
ਇਹ ਪ੍ਰੋਜੈਕਟ ਲਹਿਰਾਗਾਗਾ ਤਹਿਸੀਲ ਵਿਚ ਦਸੰਬਰ, 2021 ਵਿਚ ਚਾਲੂ ਹੋ ਜਾਵੇਗਾ। ਇਸ ਤੋਂ ਇਲਾਵਾ ਐਚ.ਪੀ.ਸੀ.ਐਲ. ਤੇਲ ਕੰਪਨੀ ਦੁਆਰਾ ਬਾਇਓ ਇਥਨੋਲ ਪ੍ਰੋਜੈਕਟ ਬਣਾਉਣ ਵਾਲੀ ਰੀਫਾਇਨਰੀ ਤਲਵੰਡੀ ਸਾਬੋ, ਬਠਿੰਡਾ ਵਿਚ ਉਸਾਰੀ ਅਧੀਨ ਹੈ ਜੋ ਕਿ ਫਰਵਰੀ, 2023 ਤੱਕ ਸ਼ੁਰੂ ਹੋ ਜਾਵੇਗੀ। ਇਸ ਦੀੇ ਰੋਜ਼ਾਨਾ ਦੀ 500 ਟਨ ਪਰਾਲੀ ਦੀ ਖਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕੁਝ ਨੁਕਤੇ ਭਾਰਤ ਸਰਕਾਰ ਨਾਲ ਵਿਚਾਰ ਅਧੀਨ ਹਨ।
ਮੀਟਿੰਗ ਦੇ ਅਖੀਰ ਵਿਚ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਡਾ. ਰਾਜ ਕੁਮਾਰ ਵੇਰਕਾ ਦਾ ਧੰਨਵਾਦ ਕੀਤਾ। ਇਸ ਮੌਕੇ ਐਚ.ਐਸ.ਹੰਸਪਾਲ, ਚੇਅਰਮੈਨ, ਪੇਡਾ, ਸਤਿੰਦਰਪਾਲ ਸਿੰਘ ਗਿੱਲ, ਚੇਅਰਮੈਨ, ਪੀ.ਜੀ.ਐਲ., ਰਜਿੰਦਰ ਛਾਬੜਾ, ਵਾਈਸ ਚੇਅਰਮੈਨ, ਪੀ.ਜੀ.ਐਲ., ਐਮ.ਪੀ. ਸਿੰਘ, ਡਾਇਰੈਕਟਰ, ਪੇਡਾ ਅਤੇ ਪੇਡਾ ਦੇ ਸੀਨੀਅਰ ਅਫ਼ਸਰ ਮੌਜੂਦ ਸਨ।