ਭਾਰਤੀ ਖੇਤਰ 'ਚ ਮੁੜ ਦਿਖੇ 2 ਪਾਕਿਸਤਾਨੀ ਡਰੋਨ, BSF ਵੱਲੋਂ ਕੀਤੀ ਗਈ ਫਾਇਰਿੰਗ
ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ ਦੇ ਜਵਾਨਾਂ ਵੱਲੋਂ ਡਰੋਨਾਂ ਨੂੰ ਭਜਾਉਣ ਲਈ ਫਾਇਰਿੰਗ ਕਰਦੇ ਹੋਏ ਈਲੂ ਬੰਬ ਵੀ ਚਲਾਏ ਗਏ ਹਨ।
ਤਰਨਤਾਰਨ : ਪਾਕਿਸਤਾਨੀ ਡਰੋਨ ਦੀਆਂ ਗਤੀਵਿਧੀਆਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ ਦੇ ਜਵਾਨਾਂ ਵੱਲੋਂ ਸੁਰੱਖਿਆ ਦੇ ਪ੍ਰਬੰਧ ਹੋਰ ਵੀ ਸਖ਼ਤ ਕਰ ਦਿੱਤੇ ਗਏ ਹਨ। ਰੋਜ਼ਾਨਾ ਡਰੋਨ ਵੱਲੋਂ ਭਾਰਤੀ ਖੇਤਰ 'ਚ ਦਸਤਕ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਵੀਰਵਾਰ ਤੜਕਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਦੇ ਹੋਏ ਪਾਕਿਸਤਾਨੀ ਦੋ ਡਰੋਨਾਂ ਵੱਲੋਂ ਫਿਰ ਦਸਤਕ ਦਿੱਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਅਧੀਨ ਆਉਂਦੀ ਬੀ. ਓ. ਪੀ ਕੇ. ਐੱਸ. ਵਾਲਾ ਅਤੇ ਬੀ. ਓ. ਪੀ ਮਹਿੰਦਰਾ ਵਿਖੇ ਦੋ ਵੱਖ-ਵੱਖ ਡਰੋਨਾਂ ਵੱਲੋਂ ਦਸਤਕ ਦਿੱਤੀ ਗਈ ਹੈ। ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ ਦੇ ਜਵਾਨਾਂ ਵੱਲੋਂ ਡਰੋਨਾਂ ਨੂੰ ਭਜਾਉਣ ਲਈ ਫਾਇਰਿੰਗ ਕਰਦੇ ਹੋਏ ਈਲੂ ਬੰਬ ਵੀ ਚਲਾਏ ਗਏ ਹਨ।
ਇਸ ਤੋਂ ਬਾਅਦ ਸਥਾਨਕ ਪੁਲਿਸ ਅਤੇ ਬੀ. ਐੱਸ. ਐੱਫ ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫਾਇਰਿੰਗ ਤੋਂ ਬਾਅਦ ਡਰੋਨ ਦੀ ਵਾਪਸ ਪਾਕਿਸਤਾਨ ਪਰਤਣ ਸਬੰਧੀ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਡਰੋਨ ਭਾਰਤੀ ਖੇਤਰ ਅੰਦਰ ਡਿੱਗਾ ਹੋ ਸਕਦਾ ਹੈ।