ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਮੁੜ ਸ਼ੁਰੂ ਕਰਨ ਅਤੇ ਸ਼ਹੀਦ ਦੇ ਨਾਂ 'ਤੇ ਚੇਅਰ ਸਥਾਪਤ ਕਰਨ ਦਾ ਐਲਾਨ
ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਮੁੜ ਸ਼ੁਰੂ ਕਰਨ ਅਤੇ ਸ਼ਹੀਦ ਦੇ ਨਾਂ 'ਤੇ ਚੇਅਰ ਸਥਾਪਤ ਕਰਨ ਦਾ ਐਲਾਨ
ਖਟਕੜ ਕਲਾਂ ਵਿਖੇ ਮੁੱਖ ਮੰਤਰੀ ਨੇ ਰਾਜ ਪਧਰੀ ਸਮਾਗਮ ਦੀ ਕੀਤੀ ਪ੍ਰਧਾਨਗੀ
ਨਵਾਂਸ਼ਹਿਰ, 28 ਸਤੰਬਰ (ਸੁਖਜਿੰਦਰ ਸਿੰਘ ਬਖਲੌਰ): ਸ਼ਹੀਦ ਭਗਤ ਸਿੰਘ ਦੀ ਜਨਮ ਵਰ੍ਹੇਗੰਢ ਮੌਕੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਮੁੜ ਸ਼ੁਰੂ ਕਰਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਹਾਨ ਸ਼ਹੀਦ ਦੇ ਨਾਂ ਉਤੇ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ |
ਭਗਤ ਸਿੰਘ ਦੀ ਜਨਮ ਵਰ੍ਹੇਗੰਢ ਮੌਕੇ ਇਥੇ ਹੋਏ ਰਾਜ ਪਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਐਵਾਰਡ ਹਰ ਸਾਲ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੇ 46 ਨੌਜਵਾਨਾਂ ਨੂੰ ਦਿਤਾ ਜਾਇਆ ਕਰੇਗਾ | ਉਨ੍ਹਾਂ ਕਿਹਾ ਕਿ ਇਹ ਐਵਾਰਡ ਜਿੱਤਣ ਵਾਲੇ ਨੌਜਵਾਨ ਨੂੰ ਪ੍ਰਸ਼ੰਸਾ ਪੱਤਰ ਤੋਂ ਇਲਾਵਾ 51000 ਰੁਪਏ ਦਾ ਨਕਦ ਇਨਾਮ ਦਿਤਾ ਜਾਵੇਗਾ | ਭਗਵੰਤ ਮਾਨ ਨੇ ਦੁੱਖ ਜ਼ਾਹਰ ਕਰਦਿਆਂ ਕਿ ਇਹ ਐਵਾਰਡ ਪਿਛਲੇ ਸੱਤ ਸਾਲਾਂ ਤੋਂ ਬੰਦ ਪਏ ਸਨ ਪਰ ਹੁਣ ਇਸ ਨੂੰ ਬਹਾਲ ਕਰ ਦਿਤਾ ਗਿਆ ਹੈ | ਇਸ ਦੌਰਾਨ ਮੁੱਖ ਮੰਤਰੀ ਨੇ ਇਕ ਹੋਰ ਐਲਾਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਿਖੇ ਸ਼ਹੀਦ ਭਗਤ ਸਿੰਘ ਦੇ ਨਾਂ ਉਤੇ ਚੇਅਰ ਸਥਾਪਤ ਕਰੇਗੀ | ਉਨ੍ਹਾਂ ਕਿਹਾ ਕਿ ਇਹ ਚੇਅਰ ਸ਼ਹੀਦ ਭਗਤ ਦੇ ਜੀਵਨ ਤੇ ਵਿਚਾਰਧਾਰਾ ਉਤੇ ਖੋਜ ਕਰਨ ਦੀ ਜ਼ਿੰਮੇਵਾਰੀ ਨਿਭਾਏਗੀ | ਭਗਵੰਤ ਮਾਨ ਨੇ ਕਿਹਾ ਕਿ ਇਹ ਚੇਅਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰੇਗੀ |
ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਪ੍ਰਣ ਕਰਨ ਦਾ ਸੱਦਾ ਦਿਤਾ ਕਿ ਉਹ ਚੰਗੇ ਮੌਕਿਆਂ ਦੀ ਤਲਾਸ਼ ਵਿਚ ਅਪਣਾ ਵਤਨ ਛੱਡ ਕੇ ਨਹੀਂ ਜਾਣਗੇ |
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਅਹਿਦ ਲੈਣਾ ਚਾਹੀਦਾ ਹੈ ਕਿ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਦੇਸ਼ ਛੱਡ ਕੇ ਜਾਣ ਦੀ ਬਜਾਏ ਇਥੇ ਹੀ ਸ਼ਾਸਨ ਪ੍ਰਣਾਲੀ ਨੂੰ ਸੁਧਾਰਾਂਗੇ | ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਪੂਰਨ ਤੌਰ ਉਤੇ ਵਚਨਬੱਧ ਹੈ | ਮੁੱਖ ਮੰਤਰੀ ਨੇ ਲੋਕਾਂ ਨੂੰ ਸੱਦਾ ਦਿਤਾ ਕਿ ਭਾਰਤ ਨੂੰ ਅਵੱਲ ਮੁਲਕ ਬਣਾਉਣ ਲਈ ਜਾਤ, ਰੰਗ ਤੇ ਨਸਲ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉਠਣ ਦਾ ਸੱਦਾ ਦਿਤਾ | ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ਾਂ ਹੀ ਭਗਤ ਸਿੰਘ ਨੂੰ ਤੇ ਹੋਰ ਆਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਮਾਤ-ਭੂਮੀ ਦੀ ਖ਼ਾਤਰ ਜੀਵਨ ਨਿਛਾਵਰ ਕਰ ਦਿਤਾ | ਭਗਵੰਤ ਮਾਨ ਨੇ ਨੌਜਵਾਨਾਂ ਨੂੰ ਵੀ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਲਈ ਅੱਗੇ ਆਉਣ ਦਾ ਸੱਦਾ ਦਿਤਾ |
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਮੋਹਾਲੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸ਼ਹੀਦ ਭਗਤ ਸਿੰਘ ਦਾ 5-ਡੀ ਬੁਤ ਸਥਾਪਤ ਕਰੇਗੀ | ਉਨ੍ਹਾਂ ਕਿਹਾ ਕਿ ਇਹ ਅਤਿ ਆਧੁਨਿਕ ਬੁਤ ਨੌਜਵਾਨ ਪੀੜ੍ਹੀ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰੇਗਾ | ਭਗਵੰਤ ਮਾਨ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਆਖਿਆ ਤਾਕਿ ਦੇਸ਼ ਨੂੰ ਦਰਪੇਸ਼ ਚੁਨੌਤੀਆਂ ਬਾਰੇ ਜਾਣਕਾਰੀ ਹਾਸਲ ਕੀਤਾ ਜਾ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਦੋਂ 23 ਵਰਿ੍ਹਆਂ ਦਾ ਨੌਜਵਾਨ ਅਪਣੇ ਮਾਪਿਆਂ ਤੋਂ ਮੋਟਰਸਾਈਕਲ ਦੀ ਮੰਗ ਕਰਦਾ ਹੈ ਤਾਂ ਸ਼ਹੀਦ ਭਗਤ ਸਿੰਘ ਉਸ ਉਮਰ ਵਿਚ ਮੁਲਕ ਨੂੰ ਬਰਤਾਨਵੀ ਹਾਕਮਾਂ ਤੋਂ ਆਜ਼ਾਦ ਕਰਵਾਉਣ ਦੀ ਮੰਗ ਕਰਦੇ ਸਨ | ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਵਾਰਸਾਂ ਨੂੰ ਸਨਮਾਨਤ ਕੀਤਾ |
ਇਸ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿ੍ਸਨ ਸਿੰਘ ਰੋੜੀ, ਵਿਧਾਇਕ ਸੰਤੋਸ਼ ਕਟਾਰੀਆ ਤੇ ਜਸਵਿੰਦਰ ਸਿੰਘ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਤੇ ਹੋਰ ਹਾਜ਼ਰ ਸਨ |