ਰੇਲਵੇ ਕਰਮਚਾਰੀਆਂ ਲਈ ਸਰਕਾਰ ਨੇ 78 ਦਿਨਾਂ ਦੇ ਬੋਨਸ ਦਾ ਕੀਤਾ ਐਲਾਨ
ਰੇਲਵੇ ਕਰਮਚਾਰੀਆਂ ਲਈ ਸਰਕਾਰ ਨੇ 78 ਦਿਨਾਂ ਦੇ ਬੋਨਸ ਦਾ ਕੀਤਾ ਐਲਾਨ
ਨਵੀਂ ਦਿੱਲੀ, 28 ਸਤੰਬਰ : ਅੱਜ ਸਰਕਾਰ ਨੇ ਰੇਲਵੇ ਕਰਮਚਾਰੀਆਂ ਨੂੰ ਵੱਡੀ ਖ਼ਬਰ ਦਿਤੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਰੇਲਵੇ ਕਰਮਚਾਰੀਆਂ ਲਈ 78 ਦਿਨਾਂ ਦੇ ਬੋਨਸ ਨੂੰ ਮਨਜ਼ੂਰੀ ਦਿਤੀ ਗਈ ਹੈ | ਇਸ ਨਾਲ ਕਰੀਬ 11 ਲੱਖ ਕਰਮਚਾਰੀਆਂ ਨੂੰ ਫ਼ਾਇਦਾ ਹੋਵੇਗਾ |
ਸਰਕਾਰ ਦੇ ਇਸ ਫ਼ੈਸਲੇ ਨਾਲ ਲਗਭਗ 11.56 ਲੱਖ ਗ਼ੈਰ-ਗਜ਼ਟਿਡ ਕਰਮਚਾਰੀਆਂ ਨੂੰ ਫ਼ਾਇਦਾ ਹੋਵੇਗਾ | ਜ਼ਿਕਰਯੋਗ ਹੈ ਕਿ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਰਕਾਰ ਲੱਖਾਂ ਰੇਲਵੇ ਕਰਮਚਾਰੀਆਂ ਲਈ ਬੋਨਸ ਦਾ ਐਲਾਨ ਕਰ ਰਹੀ ਹੈ | ਇਸ ਦਾ ਉਦੇਸ਼ ਕਰਮਚਾਰੀਆਂ ਨੂੰ ਰੇਲਵੇ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ |
ਰੇਲਵੇ ਦੀ ਉਤਪਾਦਕਤਾ ਨਾਲ ਜੁੜਿਆ ਇਹ ਬੋਨਸ ਸਾਰੇ ਗ਼ੈਰ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ ਕਵਰ ਕਰਦਾ ਹੈ | ਇਸ ਵਿੱਚ ਆਰਪੀਐਫ਼ ਤੇ ਆਰਪੀਐਸਐਫ਼ ਦੇ ਕਰਮਚਾਰੀ ਸ਼ਾਮਲ ਨਹੀਂ ਹਨ | ਆਮ ਤੌਰ 'ਤੇ ਇਹ ਬੋਨਸ ਦੁਸਹਿਰੇ ਤੋਂ ਪਹਿਲਾਂ ਰੇਲਵੇ ਕਰਮਚਾਰੀਆਂ ਨੂੰ ਦਿਤਾ ਜਾਂਦਾ ਹੈ | ਰੇਲਵੇ ਮੁਲਾਜ਼ਮਾਂ ਨੂੰ 78 ਦਿਨਾਂ ਦਾ ਬੋਨਸ ਦੇਣ ਨਾਲ ਸਰਕਾਰੀ ਖ਼ਜ਼ਾਨੇ 'ਤੇ ਕਰੀਬ 2000 ਕਰੋੜ ਰੁਪਏ ਦਾ ਬੋਝ ਪਵੇਗਾ |
2021 ਵਿਚ ਵੀ ਕੇਂਦਰੀ ਮੰਤਰੀ ਮੰਡਲ ਨੇ ਬੋਨਸ ਲਈ ਯੋਗ ਗ਼ੈਰ-ਗਜ਼ਟਿਡ ਰੇਲਵੇ ਕਰਮਚਾਰੀਆਂ ਲਈ ਵਿੱਤੀ ਸਾਲ 2020-21 ਲਈ 78 ਦਿਨਾਂ ਦੀ ਤਨਖ਼ਾਹ ਦੇ ਬਰਾਬਰ ਉਤਪਾਦਕਤਾ ਲਿੰਕਡ ਬੋਨਸ ਨੂੰ ਮਨਜ਼ੂਰੀ ਦਿਤੀ ਸੀ | (ਏਜੰਸੀ)