ਪਠਾਨਕੋਟ ਡਿਲੀਵਰੀ ਮਾਮਲੇ ਨੂੰ ਲੈ ਕੇ SC ਕਮਿਸ਼ਨ ਨੇ ਜਾਰੀ ਕੀਤਾ ਨੋਟਿਸ, 7 ਦਿਨਾਂ ਅੰਦਰ ਮੰਗਿਆ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਮਾਮਲੇ ਨੂੰ ਲੈ ਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ।

Notice issued by the SC Commission regarding the Pathankot delivery matter

 

ਪਠਾਨਕੋਟ: ਜ਼ਿਲ੍ਹੇ ਦੇ ਸਿਵਲ ਹਸਪਤਾਲ 'ਚ ਗਰਭਵਤੀ ਮਹਿਲਾ ਦੀ ਡਿਲਵਰੀ ਲੇਬਰ ਰੂਮ ਦੇ ਬਾਹਰ ਹੋਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸ ਘਟਨਾ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ।

ਇਸ ਸਬੰਧੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਇਹ ਘਟਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। ਸਿਵਲ ਹਸਪਤਾਲ ਵਿਚ ਰਾਤ 2 ਵਜੇ ਜਣੇਪੇ ਲਈ ਆਈ ਅਨੁਸੂਚਿਤ ਸ਼੍ਰੇਣੀ ਦੀ ਔਰਤ ਨੂੰ ਐਮਰਜੈਂਸੀ ਸਟਾਫ਼ ਨੇ ਬਿਨਾਂ ਚੈਕਅੱਪ ਕੀਤੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ।

ਔਰਤ ਦੀ ਵਿਗੜਦੀ ਹਾਲਤ ਕਾਰਨ ਪਤੀ ਨੇ ਸਟਾਫ ਕੋਲ ਮਿਨਤਾਂ ਵੀ ਕੀਤੀਆਂ ਪਰ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ। ਇਲਜ਼ਾਮ ਅਨੁਸਾਰ ਦੋ ਘੰਟੇ ਤੱਕ ਤੜਫਣ ਤੋਂ ਬਾਅਦ ਔਰਤ ਨੇ ਹਸਪਤਾਲ ਦੇ ਵਰਾਂਡੇ ਵਿਚ ਹੀ ਬੱਚੇ ਨੂੰ ਜਨਮ ਦਿੱਤਾ। ਇਸ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਸਬੰਧੀ ਕਮਿਸ਼ਨ ਨੂੰ ਕਈ ਈਮੇਲਾਂ ਵੀ ਪ੍ਰਾਪਤ ਹੋਈਆਂ ਸਨ, ਇਸ ਲਈ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਸਿਵਲ ਹਸਪਤਾਲ, ਪੁਲਿਸ ਅਤੇ ਸਿਹਤ ਵਿਭਾਗ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ਅੰਦਰ ਜਵਾਬ ਮੰਗਿਆ ਗਿਆ ਹੈ।