ਜ਼ੀਰਕਪੁਰ ’ਚ ਪਾਰਕਿੰਗ ਨੂੰ ਲੈ ਕੇ ਝਗੜਾ, ਦੋਹਾਂ ਧਿਰਾਂ ਦੇ ਦੋ-ਦੋ ਵਿਅਕਤੀ ਜ਼ਖ਼ਮੀ
ਗੋਲੀ ਲੱਗਣ ਵਾਲੇ ਨੌਜੁਆਨ ਦੀ ਹਾਲਤ ਨਾਜ਼ੁਕ
ਜ਼ੀਰਕਪੁਰ : ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ ਉਤੇ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ’ਚ ਦੋ ਵਿਅਕਤੀ ਜ਼ਖਮੀ ਹੋ ਗਏ। ਝਗੜੇ ਦੌਰਾਨ ਇਕ ਧਿਰ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਇਕ ਨੌਜੁਆਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਨਾਗਲਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਦਾ ਇਕ ਨੌਜੁਆਨ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਮੁਕੇਸ਼ ਵਜੋਂ ਹੋਈ ਹੈ। ਦੋਹਾਂ ਪਾਸਿਆਂ ਦੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ, ਜਿਸ ਕਾਰਨ ਉਹ ਬਿਆਨ ਦੇਣ ਤੋਂ ਅਸਮਰੱਥ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਪਕ ਮੂਲ ਵਾਸੀ ਪਾਣੀਪਤ (ਹਰਿਆਣਾ) ਅਤੇ ਹਾਲ ਵਾਸੀ ਜ਼ੀਰਕਪੁਰ ਅਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਨਾਗਲਾ, ਚੰਡੀਗੜ੍ਹ ਨੇ ਅੰਬਾਲਾ ਨੈਸ਼ਨਲ ਹਾਈਵੇਅ ਉਤੇ ਹੋਟਲ ਲੱਕੀ ਇਨ ਦੇ ਸਾਹਮਣੇ ਪਾਰਕਿੰਗ ਦਾ ਠੇਕਾ ਲਿਆ ਹੈ। ਬੀਤੀ ਰਾਤ ਉਨ੍ਹਾਂ ਦਾ ਮੁਕੇਸ਼ ਅਤੇ ਤਿਵਾੜੀ ਨਾਂ ਦੇ ਨੌਜੁਆਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਪਹਿਲਾਂ ਤਾਂ ਮੁਕੇਸ਼ ਅਤੇ ਤਿਵਾੜੀ ਨੂੰ ਦੀਪਕ ਅਤੇ ਗੁਰਵਿੰਦਰ ਸਿੰਘ ਦੇ ਸਮੂਹ ਨੇ ਬੇਰਹਿਮੀ ਨਾਲ ਕੁੱਟਿਆ।
ਉਸ ਸਮੇਂ ਮੁਕੇਸ਼ ਅਤੇ ਤਿਵਾੜੀ ਮੌਕੇ ਤੋਂ ਚਲੇ ਗਏ ਪਰ ਕੁੱਝ ਸਮੇਂ ਬਾਅਦ ਅਪਣੇ ਸਾਥੀਆਂ ਨਾਲ ਵਾਪਸ ਆ ਗਏ। ਉਨ੍ਹਾਂ ਨੇ ਦੀਪਕ, ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਕੁੱਟਮਾਰ ਕੀਤੀ। ਝਗੜਾ ਇੰਨਾ ਵਧ ਗਿਆ ਕਿ ਤਿਵਾੜੀ ਨਾਂ ਦੇ ਨੌਜੁਆਨ ਨੇ ਦੀਪਕ ਅਤੇ ਗੁਰਵਿੰਦਰ ਸਿੰਘ ਉਤੇ ਤਿੰਨ ਗੋਲੀਆਂ ਚਲਾ ਦਿਤੀਆਂ। ਦੀਪਕ ਬਚ ਗਿਆ ਜਦਕਿ ਗੁਰਵਿੰਦਰ ਸਿੰਘ ਦੇ ਸਿਰ ’ਚ ਗੋਲੀ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਗੁਰਵਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਚੰਡੀਗੜ੍ਹ ਸੈਕਟਰ 32 ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਝਗੜੇ ’ਚ ਮੁਕੇਸ਼ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।
ਐਸ.ਪੀ. ਜਸਪਿੰਦਰ ਸਿੰਘ ਗਿੱਲ ਨਾਲ ਸੰਪਰਕ ਕਰਨ ਉਤੇ ਕਿਹਾ ਕਿ ਦੋਹਾਂ ਪਾਸਿਆਂ ਦੇ ਜ਼ਖਮੀਆਂ ਦੀ ਹਾਲਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਜਿਸ ਕਾਰਨ ਹਮਲੇ ਦੇ ਸਹੀ ਕਾਰਨਾਂ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।