ਸਫੇਦੇ ਦੇ ਰੁੱਖ ਨਾਲ ਟਕਰਾਈ ਨਿੱਜੀ ਬੱਸ, 5 ਸਵਾਰੀਆਂ ਜ਼ਖਮੀ
ਬੱਸ ਅੱਡਾ ਝੀਰ ਦਾ ਖੂਹ ਨਜ਼ਦੀਕ ਵਾਪਰਿਆ ਹਾਦਸਾ
ਤਲਵਾੜਾ: ਅੱਜ ਦੁਪਹਿਰ ਸਮੇਂ ਹਾਜੀਪੁਰ ਤਲਵਾੜਾ ਰੋਡ ਦੇ ਅੱਡਾ ਝੀਰ ਦਾ ਖੂਹ ਨਜ਼ਦੀਕ ਇੱਕ ਨਿੱਜੀ ਬੱਸ ਦੀ ਸਫੇਦੇ ਦੇ ਰੁੱਖ ਨਾਲ ਟਕਰਾਉਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਬੱਸ ਸਵਾਰੀਆਂ ਨਾਲ ਭਰੀ ਦਸੂਹਾ ਤੋਂ ਤਲਵਾੜਾ ਜਾ ਰਹੀ ਸੀ। ਜਦੋਂ ਇਹ ਬੱਸ ਅੱਡਾ ਝੀਰ ਦਾ ਖੂਹ ਨਜ਼ਦੀਕ ਪਹੁੰਚੀ, ਤਾਂ ਬੱਸ ਦਾ ਸੰਤੁਲਨ ਖਰਾਬ ਹੋ ਗਿਆ ਅਤੇ ਬੱਸ ਸਫੇਦੇ ਦੇ ਰੁੱਖ ਨਾਲ ਜਾ ਟਕਰਾਈ। ਇਸ ਦੌਰਾਨ ਸਵਾਰੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਦੀ ਮਦਦ ਨਾਲ ਸਵਾਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਪੰਜ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋਈਆਂ ਹਨ।
ਤਲਵਾੜਾ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸਵਾਰੀਆਂ ਨੇ ਦੱਸਿਆ ਕਿ ਪਹਿਲਾਂ ਬੱਸ ਹੋਲੀ ਚੱਲ ਰਹੀ ਸੀ, ਤਾਂ ਜਦੋਂ ਅੱਡਾ ਝੀਰ ਦਾ ਖੂਹ ਨਜ਼ਦੀਕ ਪਹੁੰਚੀ ਤਾਂ ਬੱਸ ਦੀ ਰਫਤਾਰ ਡਰਾਈਵਰ ਵੱਲੋਂ ਤੇਜ਼ ਕਰ ਦਿੱਤੀ ਗਈ। ਸੰਤੁਲਨ ਖਰਾਬ ਹੋਣ ’ਤੇ ਇਹ ਬੱਸ ਸਿੱਧੀ ਸਫੇਦੇ ਨਾਲ ਜਾ ਟਕਰਾਈ। ਸਵਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਬੱਸ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।