Punjab Vidhan Sabha Session News: ਹੜ੍ਹਾਂ ਦੇ ਮੁੱਦੇ ਉਤੇ ਅੱਜ ਵੀ ਹੰਗਾਮੇ ਭਰਿਆ ਰਹੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਮੰਤਰੀ ਵਲੋਂ ਪੰਜਾਬ ਸਰਕਾਰ ਨੂੰ ਰਾਹਤ ਰਾਸ਼ੀ ਸਿੱਧੀ ਨਾ ਦੇਣ ਤੇ ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀ ਨੂੰ ਸਮਾਂ ਨਾ ਮਿਲਣ ਦੇ ਮੁੱਦੇ ਗੂੰਜਣਗੇ

Punjab Vidhan Sabha Session News

Punjab Vidhan Sabha Session News: ਪੰਜਾਬ ਵਿਧਾਨ ਸਭਾ ਦੇ ਹੜ੍ਹਾਂ ਨੂੰ ਲੈ ਕੇ ਹੋ ਰਹੇ ਵਿਸ਼ੇਸ਼ ਸੈਸ਼ਨ ਵਿਚ 29 ਸਤੰਬਰ ਨੂੰ ਦੂਜੇ ਦਿਨ ਦੀ ਕਾਰਵਾਈ ਵੀ ਹੰਗਾਮੇ ਭਰਪੂਰ ਰਹੇਗੀ। 26 ਸਤੰਬਰ ਨੂੰ ਪਹਿਲੇ ਦਿਨ ਹੜ੍ਹਾਂ ਦੇ ਸਬੰਧ ਵਿਚ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ 20 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਲਈ ਪੇਸ਼ ਹੋਏ ਮਤੇ ਉਪਰ 6 ਘੰਟੇ ਲੰਬੀ ਬਹਿਸ ਹੋਈ ਸੀ। ਭਾਵੇਂ ਕਿ ਇਹ ਮਤਾ ਪਾਸ ਨਹੀਂ ਸੀ ਕੀਤਾ ਗਿਆ। ਇਸ ਮਤੇ ਉਪਰ ਬਹਿਸ ਸਮੇਂ ਇਲਜ਼ਾਮਬਾਜ਼ੀ ਹੀ ਭਾਰੂ ਰਹੀ ਸੀ ਅਤੇ ਸੱਤਾਧਿਰ ਤੇ ਵਿਰੋਧੀ ਧਿਰ ਕਾਂਗਰਸ ਦਰਮਿਆਨ ਤਿੱਖੀ ਬਹਿਸ ਹੋਈ ਸੀ।

ਜਿਥੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਉਪਰ ਹੜ੍ਹਾਂ ਲਈ ਨਾਕਾਮ ਰਹਿਣ ਦੇ ਇਲਜ਼ਾਮ ਲਾਏ ਸਨ ਅਤੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਅਤੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਸੀ,ਉਥੇ ਮੁੱਖ ਮੰਤਰੀ ਨੇ ਬਹਿਸ ਦਾ ਜਵਾਬ ਦਿੰਦੇ ਹੋਏ ਬਾਜਵਾ ਉਪਰ ਵੀ ਪਲਟਵਾਰ ਕਰਦੇ ਹੋਏ ਜ਼ੋਰਦਾਰ ਵਾਰ ਕੀਤੇ ਸਨ। ਦਿਲਚਸਪ ਗੱਲ ਹੈ ਕਿ ਪਹਿਲੇ ਦਿਨ ਭਾਜਪਾ ਦੇ ਮੈਂਬਰ ਬਹਿਸ ਸਮੇਂ ਗ਼ੈਰ ਹਾਜ਼ਰ ਹੋ ਗਏ ਸਨ ਪਰ ਸੱਤਾਧਿਰ ਦੇ ਮੈਂਬਰਾਂ ਨੇ ਸਦਨ ਵਿਚ ਕੇਂਦਰ ਵਿਰੁਧ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਹੰਗਾਮਾ ਕੀਤਾ ਸੀ।

ਪਰ ਹੁਣ ਅੱਜ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੋ ਕਿ ਵਿਧਾਨ ਸਭਾ ਦੇ ਮੈਂਬਰ ਵੀ ਹਨ, ਨੇ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਤੋਂ ਬਾਹਰ ਪਾਰਟੀ ਦਫ਼ਤਰ ਨੇੜੇ ਲੋਕਾਂ ਦੇ ਸੈਸ਼ਨ ਦੇ ਨਾਂ ਉਪਰ ਬਰਾਬਰ ਸੈਸ਼ਨ ਸੱਦ ਲਿਆ ਗਿਆ ਹੈ। ਉਧਰ ਪੰਜਾਬ ਦੌਰੇ ’ਤੇ ਆਏ ਕੇਂਦਰੀ ਰਾਜ ਮੰਤਰੀ ਬੀ.ਐਲ. ਵਰਮਾ ਦਾ ਬਿਆਨ ਵੀ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਵਲੋਂ ਐਲਾਨੀ 1600 ਕਰੋੜ ਰੁਪਏ ਦੀ ਰਾਸ਼ੀ ਸੂਬਾ ਸਰਕਾਰ ਨੂੰ ਭੇਜਣ ਦੀ ਥਾਂ ਸਿੱਧੀ ਪੀੜਤ ਲੋਕਾਂ ਦੇ ਖਾਤਿਆਂ ਵਿਚ ਪਾਈ ਜਾਵੇਗੀ। ਸੱਤਾਧਿਰ ਇਸ ਨੂੰ ਦੇਸ਼ ਫ਼ੈਡਰਲ ਸਿਸਟਮ ਉਪਰ ਹਮਲਾ ਮੰਨ ਰਹੀ ਹੈ ਅਤੇ ਇਸ ਮੁੱਦੇ ਉਪਰ ਦੂਜੇ ਦਿਨ ਸੱਤਾਧਿਰ ਵਲੋਂ ਭਾਜਪਾ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ। ਰਵਨੀਤ ਬਿੱਟੂ ਵਲੋਂ ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀ  ਨਾ ਮਿਲਣ ਬਾਰੇ ਦਿਤਾ ਬਿਆਨ ਵੀ ਸਦਨ ਵਿਚ ਉਠੇਗਾ। ਬਿੱਟੂ ਨੇ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਥਾਂ ਅਮਿਤ ਸ਼ਾਹ ਤੋਂ ਮਿਲਣ ਦਾ ਸਮਾਂ ਲੈਣ ਕਿਉਂਕਿ ਰਾਹਤ ਰਾਸ਼ੀ ਦਾ ਫ਼ੈਸਲਾ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਵਿਚ ਭੇਜੀਆਂ ਟੀਮਾਂ ਦੀ ਰੀਪੋਰਟ ਦੇ ਆਧਾਰ ’ਤੇ ਹੁੰਦਾ ਹੈ। 
ਡੱਬੀ 

ਅੱਜ ਛੇ ਸੋਧ ਬਿਲ ਸਦਨ ਵਿਚ ਪੇਸ਼ ਹੋਣਗੇ
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਲਈ ਜਾਰੀ ਅਧਿਕਾਰਤ ਪ੍ਰੋਗਰਾਮ ਮੁਤਾਬਕ 26 ਸਤੰਬਰ ਨੂੰ ਪੇਸ਼ ਪੰਜਾਬ ਦੇ ਪੁਨਰਵਾਸ ਦੇ ਮਤੇ ਉਪਰ ਮੁੜ ਬਹਿਸ ਸ਼ੁਰੂ ਕਰ ਕੇ ਇਸ ਨੂੰ ਪਾਸ ਕੀਤਾ ਜਾਵੇਗਾ। ਵਿਧਾਨਕ ਕੰਮਕਾਰ ਤਹਿਤ ਕਈ ਵਿਭਾਗੀ ਰੀਪੋਰਟਾਂ ਸਦਨ ਵਿਚ ਰੱਖੀਆਂ ਜਾਣਗੀਆਂ। ਦੂਜੇ ਦਿਨ 6 ਬਿਲ ਪਾਸ ਕਰਨ ਲਈ ਸਦਨ ਵਿਚ ਰੱਖੇ ਜਾਣਗੇ। ਇਨ੍ਹਾਂ ਵਿਚ ਰਾਈਟ ਟੂ ਬਿਜਨਸ ਸੋਧ ਬਿਲ, ਜੀ.ਐਸ.ਟੀ. ਬਾਰੇ ਪੰਜਾਬ ਗੁਡਜ਼ ਐਂਡ ਸਰਵਿਸ ਟੈਕਸ ਸੋਧ ਬਿਲ, ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ, ਪੰਜਾਬ ਸਹਿਕਾਰੀ ਸਭਾਵਾਂ ਸੋਧ ਅਤੇ ਪੰਜਾਬ ਟਾਊਨ ਇੰਪਰੂਵਮੈਂਟ ਸੋਧ ਬਿਲ 2025 ਸ਼ਾਮਲ ਹਨ। ਵਿੱਤ ਮੰਤਰੀ ਰਾਜ ਦੀਆਂ ਪ੍ਰਾਪਤੀਆਂ ਤੇ ਖ਼ਰਚੇ ਦੇ ਵੇਰਵੇ ਵੀ ਪੇਸ਼ ਕਰਨਗੇ।
ਡੱਬੀ

ਲੋਕਾਂ ਦੀ ਸਭਾ ਵਿਚ ਸਰਕਾਰ ਤੋਂ ਵਰਤੇ ਫ਼ੰਡਾਂ ਦਾ ਹਿਸਾਬ ਮੰਗਾਂਗੇ : ਅਸ਼ਵਨੀ ਸ਼ਰਮਾ
ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਹੈ ਕਿ ਜਦੋਂ ਵਿਧਾਨ ਸਭਾ ਦੀ ਮਾਨ-ਮਰਿਆਦਾ ਦਾ ਘਾਣ ਹੋ ਜਾਵੇ, ਸਪੀਕਰ ਅਪਣਾ ਸੰਵਿਧਾਨਕ ਫ਼ਰਜ਼ ਭੁਲ ਜਾਵੇ, ਹਾਕਮ ਧਿਰ ਲੋਕਾਂ ਦੀਆਂ ਆਵਾਜ਼ਾਂ ਦਾ ਮਾਖੌਲ ਬਣਾਉਣ ਲੱਗ ਪਏ ਅਤੇ ਸਰਕਾਰ ਲੋਕਾਂ ਦੇ ਜ਼ਖਮਾਂ ’ਤੇ ਮੱਲ੍ਹਮ ਦੀ ਥਾਂ ਲੂਣ ਛਿੜਕਣ ਲੱਗ ਜਾਵੇ, ਤਾਂ ਲੋਕਾਂ ਦੀ ਅਪਣੀ ਵਿਧਾਨ ਸਭਾ ਬੁਲਾਉਣਾ ਲਾਜ਼ਮੀ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੁਲਾਈ ਸਭਾ ਵਿਚ ਚਰਚਾ ਦੇ ਮੁੱਖ ਮੁੱਦੇ ਵਿਚ ਵਿਧਾਨ ਸਭਾ ਵਿਚ ਪੰਜਾਬ ਦੀ ਜਨਤਾ ਨਾਲ ਹੋ ਰਹੇ ਧੋਖੇ, ਜ਼ਿਆਦਤੀਆਂ ਅਤੇ ਨੁਕਸਾਨਾਂ ਬਾਰੇ ਖੁਲ੍ਹੀ ਚਰਚਾ ਕੀਤੀ ਜਾਵੇਗੀ। ਖ਼ਾਸ ਤੌਰ ’ਤੇ ਹੜ੍ਹਾਂ ਕਾਰਨ ਪ੍ਰਭਾਵਤ ਲੋਕਾਂ ਦੀ ਬੇਹਾਲ ਹਾਲਤ ਅਤੇ ਮੁਆਵਜ਼ੇ ਦੀ ਥਾਂ ਕੀਤੀ ਜਾ ਰਹੀ ਲੁੱਟ-ਖਸੁਟ, ਕੈਗ ਰਿਪੋਰਟ ਦੇ ਖ਼ੁਲਾਸੇ ਅਤੇ ਰਾਜ ਦੇ ਪੈਸਿਆਂ ਦੇ ਗ਼ਲਤ ਇਸਤੇਮਾਲ ਦਾ ਹਿਸਾਬ ਮੰਗਿਆ ਜਾਵੇਗਾ।

ਚੰਡੀਗੜ੍ਹ ਤੋਂ ਗੁਰਉਪਦੇਸ਼ ਭੁੱਲਰ ਦੀ ਰਿਪੋਰਟ