ਕੈਪਟਨ ਦੀ ਕੋਠੀ ਘੇਰਨ ਆਈਆਂ ਭਾਜਪਾ ਮਹਿਲਾ ਮੋਰਚਾ ਮੈਂਬਰਾਂ ਨੂੰ ਪੁਲਿਸ ਨੇ ਖਦੇੜਿਆ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਦੀ ਕੋਠੀ ਘੇਰਨ ਆਈਆਂ ਭਾਜਪਾ ਮਹਿਲਾ ਮੋਰਚਾ ਮੈਂਬਰਾਂ ਨੂੰ ਪੁਲਿਸ ਨੇ ਖਦੇੜਿਆ

image

ਹਲਕੇ ਲਾਠੀਚਾਰਜ ਬਾਅਦ ਪ੍ਰਦਰਸ਼ਨਕਾਰੀ ਔਰਤਾਂ ਨੂੰ ਹਿਰਾਸਤ ਵਿਚ ਲੈਣ ਬਾਅਦ ਛਡਿਆ

ਚੰਡੀਗੜ੍ਹ, 28 ਅਕਤੂਬਰ (ਗੁਰਉਪਦੇਸ਼ ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਆਈਆਂ ਪੰਜਾਬ ਭਾਜਪਾ ਮਹਿਲਾ ਮੋਰਚਾ ਦੀਆਂ ਮੈਂਬਰ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਸ ਨੇ ਬਲਪ੍ਰਯੋਗ ਕਰਦਿਆਂ ਹਲਕਾ ਲਾਠੀਚਾਰਜ ਕੀਤਾ। ਪੁਲਸ ਵਲੋਂ ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਪਹਿਲਾਂ ਹੀ ਕਈ ਥਾਈਂ ਮੁੱਖ ਮੰਤਰੀ ਦੀ ਕੋਠੀ ਵੱਲ ਜਾਂਦੇ ਰਸਤਿਆਂ 'ਤੇ ਬੈਰੀਕੇਡ ਲਾਏ ਹੋਏ ਸਨ, ਜਿਨ੍ਹਾਂ ਨੂੰ ਜ਼ਬਰਦਸਤੀ ਪਾਰ ਕਰ ਕੇ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਅੱਗੇ ਵਧਣ ਦਾ ਯਤਨ ਕੀਤਾ। ਆਖਰ ਖਿੱਚ ਧੂਹ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਬਾਅਦ ਵਿਚ ਰਿਹਾਅ ਕਰ ਦਿਤਾ ਗਿਆ। ਇਹ ਪ੍ਰਦਰਸ਼ਨ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ, ਬਿਜਲੀ ਰੇਟਾਂ 'ਚ ਵਾਧੇ ਅਤੇ ਔਰਤਾਂ 'ਤੇ ਅਤਿਆਚਾਰਾਂ ਦੀਆਂ ਘਟਨਾਵਾਂ ਨੂੰ ਲੈ ਕੇ ਕੀਤਾ ਗਿਆ ਸੀ। ਟਾਂਡਾ 'ਚ 6 ਸਾਲ ਦੀ ਬੱਚੀ ਨਾਲ ਰੇਪ ਦੀ ਘਟਨਾ ਵਿਰੁਧ ਵੀ ਰੋਸ ਜਤਾਇਆ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਮੋਨਾ ਜੈਸਵਾਲ ਦੇ ਨਾਲ ਸਾਬਕਾ ਵਿਧਾਇਕ ਸੀਮਾ ਕੁਮਾਰੀ, ਸੀਨੀਅਰ ਆਗੂ ਕਨਿਕਾ ਜਿੰਦਲ, ਨੇਕ ਮਿਨਹਾਸ, ਮੀਨੂੰ ਸਹਿਗਲ, ਪੂਜਾ ਚੋਪੜਾ, ਉਰਮਿਲ ਵੈਦ, ਨੀਤੂ ਖੁਰਾਣਾ, ਸੁਧਾ ਖੰਨਾ, ਰਚਨਾ ਲਾਂਬਾ, ਮੀਨਾ ਖੋਖਰ, ਸੁਖਰਾਜ ਕੌਰ ਆਦਿ ਨੇ ਕੀਤੀ।
ਫ਼ੋਟੋ : ਸੰਤੋਖ ਸਿੰਘ