5 ਨਵੰਬਰ ਨੂੰ ਚਕਨਾਚੂਰ ਕਰਨਗੇ ਕਿਸਾਨ ਮੋਦੀ ਸਰਕਾਰ ਦਾ ਹੰਕਾਰ - ਬੀਕੇਯੂ ਉਗਰਾਹਾਂ 

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਕਿਹਾ ਕਿ ਅਸੀਂ ਨਿੱਜੀ ਥਰਮਲ ਪਲਾਂਟਾਂ ਅੰਦਰ ਜਾਂਦੇ ਟਰੈਕ ਹੀ ਰੋਕੇ ਹਨ

BKU Ugrahan

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ) -ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਬੀਕੇਯੂ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਸਾਡਾ ਟਕਰਾਅ ਪੰਜਾਬ ਸਰਕਾਰ ਨਾਲ ਨਹੀਂ ਹੈ, ਸਾਡੀ ਟੱਕਰ ਮੋਦੀ, ਭਾਜਪਾ ਤੇ ਕਾਰਪੋਰੇਟ ਘਰਾਣਿਆਂ ਨਾਲ ਹੈ ਅਤੇ ਅਸੀਂ ਆਉਂਦੀ ਪੰਜ ਨਵੰਬਰ ਨੂੰ ਮੋਦੀ ਤੇ ਭਾਜਪਾ ਦੇ ਹੰਕਾਰ ਨੂੰ ਤੋੜ ਕੇ ਦਿਖਾਵਾਂਗੇ। ਆਗੂਆਂ ਨੇ ਕਿਹਾ ਕਿ ਮਾਲ ਗੱਡੀਆਂ ਰੋਕਣ ਨੂੰ ਲੈ ਕੇ ਕੇਂਦਰ ਵਲੋਂ ਬੇਲੋੜਾ ਦਬਾਅ ਬਣਾਇਆ ਗਿਆ ਹੈ, ਜਦ ਕਿ ਅਸੀਂ ਕੋਈ ਟਰੈਕ ਰੋਕੇ ਹੀ ਨਹੀਂ।

ਉਨ੍ਹਾਂ ਕਿਹਾ ਕਿ ਅਸੀਂ ਨਿੱਜੀ ਥਰਮਲ ਪਲਾਂਟਾਂ ਅੰਦਰ ਜਾਂਦੇ ਟਰੈਕ ਹੀ ਰੋਕੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਕਰਮਚਾਰੀ ਸਾਡੇ ਬੱਚੇ ਹਨ, ਉਨ੍ਹਾਂ ਨੂੰ ਕੇਂਦਰ ਤੋਂ ਖ਼ਤਰਾ ਹੋ ਸਕਦਾ ਹੈ, ਕਾਰਪੋਰੇਟ ਘਰਾਣਿਆਂ ਤੋਂ ਖ਼ਤਰਾ ਹੋ ਸਕਦਾ ਪਰ ਸਾਡੇ ਤੋਂ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਅਤੇ ਨਾ ਹੀ ਅਸੀਂ ਉਨ੍ਹਾਂ ਦਾ ਕੋਈ ਨੁਕਸਾਨ ਕਰ ਸਕਦੇ ਹਾਂ।

ਪਰਾਲੀ ਦੇ ਮਸਲੇ 'ਤੇ ਬਣਾਏ ਜਾ ਰਹੇ ਕਮਿਸ਼ਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਸੀਂ ਪਰਾਲੀ ਮੁਫ਼ਤ ਦੇਣ ਨੂੰ ਤਿਆਰ ਹਾਂ ਅਤੇ ਸਰਕਾਰ ਚੁੱਕ ਸਕਦੀ ਹੈ ਪਰ ਅਸੀਂ ਪ੍ਰਦੂਸ਼ਣ ਫੈਲਾਉਣ ਦੇ ਹੱਕ 'ਚ ਨਹੀਂ। ਇਸ ਮਾਮਲੇ 'ਚ ਕਿਸਾਨਾਂ ਨੂੰ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਬੇਤੁਕੀ ਹੈ ਕਿ ਦਿੱਲੀ 'ਚ ਪੰਜਾਬ ਦੇ ਕਿਸਾਨਾਂ ਦੀ ਵਜ੍ਹਾ ਨਾਲ ਪ੍ਰਦੂਸ਼ਣ ਫੈਲ ਰਿਹਾ ਹੈ।