ਜਥੇਦਾਰ ਜੀ, 'ਜਥੇਦਾਰ' ਲਫ਼ਜ਼ ਨੂੰ ਹੀ ਬਦਨਾਮ ਹੋਣੋਂ ਬਚਾ ਲਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਜਿੰਦਰ ਸਿੰਘ ਮੋਰਜੰਡ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖੀ ਖੁਲ੍ਹੀ ਚਿੱਠੀ

image

ਦੋ ਲੋਕਾਂ ਦੀ ਨਿਜੀ ਲੜਾਈ ਨੂੰ ਪੰਥਕ ਬਣਾ ਕੇ ਸਿੱਖ ਨਾ ਮਰਵਾਉ : ਮੌਰਜੰਡ



ਅਬੋਹਰ/ਗੰਗਾਨਗਰ, 29 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ): ਰਾਜਸਥਾਨ ਵਿਚ ਪੈਦੇ ਸ਼ਹਿਰ ਗੰਗਾਨਗਰ ਵਾਸੀ ਅਤੇ ਸਿੱਖ ਸ. ਬਲਜਿੰਦਰ ਸਿੰਘ ਮੌਰਜੰਡ ਨੇ ਅਕਾਲ ਤਖ਼ਤ ਦੇ ਜਥੇਦਾਰ ਸ. ਹਰਪ੍ਰੀਤ ਸਿੰਘ ਨੂੰ ਇਕ ਖੁਲ੍ਹੀ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਕਿਹਾ,''ਮੈਂ ਇਕ ਆਮ ਸਿੱਖ ਦੀ ਹੈਸੀਅਤ ਨਾਲ ਲਿਖ ਰਿਹਾ ਹਾਂ ਕਿਉਂਕਿ ਮੌਜੂਦਾ ਹਾਲਾਤ ਵਿਚ ਬਹੁਤ ਭੋਲੇ-ਭਾਲੇ ਸਿੱਖ ਅੱਜ ਵੀ ਤੁਹਾਡੇ ਤੋਂ ਬਹੁਤ ਵੱਡੀ ਉਮੀਦ ਲਾਈ ਬੈਠੇ ਹਨ। ਦੂਜਾ ਇਸ ਚਿੱਠੀ ਦਾ ਕਾਰਨ ਇਹ ਹੈ ਕਿ ਮੈ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਨ੍ਹਾਂ ਗੱਲਾਂ ਦਾ ਜਵਾਬ ਤੁਹਾਡੇ ਕੋਲ ਨਹੀਂ ਹੁੰਦਾ ਉਨ੍ਹਾਂ ਦੀਆਂ ਫ਼ੋਨ ਕਾਲਾਂ ਦਾ ਜਵਾਬ ਤੁਸੀਂ ਨਹੀਂ ਦਿੰਦੇ।''

image


ਉਨ੍ਹਾਂ ਕਿਹਾ,''ਜਥੇਦਾਰ ਜੀ ਮੈਂ ਤੁਹਾਡਾ ਧਿਆਨ ਉਸ ਨਵੀਂ ਸ਼ੁਰੂ ਕੀਤੀ ਖ਼ਾਨਾਜੰਗੀ ਵਲ ਦਿਵਾਉਣ ਜਾ ਰਿਹਾ ਹਾਂ ਜਿਸ ਦੀ ਸ਼ੁਰੂਆਤ ਤੁਸੀਂ ਪਿਛਲੇ ਦਿਨੀਂ ਦਰਬਾਰ ਸਾਹਿਬ ਵਿਚ ਕੁੱਝ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਹੱਥੋਂ ਕੁਟਵਾ ਕੇ ਕੀਤੀ ਹੈ।'' ਉਨ੍ਹਾਂ ਕਿਹਾ,''ਮੈਂ ਇਸ ਸਮੇਂ ਉਨ੍ਹਾਂ ਸਿੱਖਾਂ ਦੇ ਪੱਖ ਜਾਂ ਵਿਰੋਧ ਵਿਚ ਕੋਈ ਗੱਲ ਨਹੀਂ ਕਰ ਰਿਹਾ, ਮੈਂ ਸਿਰਫ਼ ਇਸ ਗੱਲ ਦਾ ਜ਼ਿਕਰ ਕਰ ਰਿਹਾ ਹਾਂ ਕਿ ਹੁਣ ਤਕ ਤੁਹਾਡੇ ਵਲੋਂ ਇਸ ਮਾਮਲੇ ਵਿਚ ਨਿਭਾਏ ਗਏ ਰੋਲ ਬਹੁਤ ਚਿੰਤਾਜਨਕ ਅਤੇ ਸ਼ਰਮਨਾਕ ਰਹੇ ਹਨ। ਇਸੇ ਤਰ੍ਹਾਂ ਖ਼ਾਨਾਜੰਗੀ ਦੀ ਸ਼ੁਰੂਆਤ ਤੁਸੀਂ ਰਾਜਸਥਾਨ ਵਿਚ ਸ਼ੁਰੂ ਕਰਨ ਜਾ ਰਹੇ ਹੋ। ਭਾਰਤ ਦੀਆਂ ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਪਿਛਲੇ 30 ਸਾਲਾਂ ਵਿਚ ਨਿਰੰਕਾਰੀ ਕਾਂਡ ਤੋਂ ਬਾਅਦ ਟਕਸਾਲੀ ਬਨਾਮ ਮਿਸ਼ਨਰੀ ਵਿਵਾਦ ਵਿਚ ਵੀ ਖ਼ਾਨਾਜੰਗੀ ਨਹੀਂ ਕਰਵਾ ਸਕੇ, ਪਰ ਤੁਸੀਂ ਉਹ ਸੱਭ ਚੀਜ਼ਾਂ ਦੀ ਪੂਰਤੀ ਕਰ ਦਿਤੀ ਹੈ। ਰੱਬ ਦਾ ਵਾਸਤਾ ਹੈ ਤੁਸੀਂ ਅਕਾਲ ਤਖ਼ਤ ਸਾਹਿਬ ਜਿਸ ਨੂੰ ਸਿੱਖ ਧਰਮ ਵਚ ਸਰਵਉਚ ਸਥਾਨ ਹਾਸਲ ਹੈ, ਉਸ ਦੇ ਮੁੱਖ ਪ੍ਰਬੰਧਕ ਕ੍ਰਿਪਾ ਕਰ ਕੇ ਕੌਮ 'ਤੇ ਤਰਸ ਖਾਉ, ਜੇਕਰ ਤੁਸੀਂ ਕੌਮ ਦਾ ਸਵਾਰ ਨਹੀਂ ਸਕਦੇ ਤਾਂ ਕ੍ਰਿਪਾ ਕਰ ਕੇ ਕੌਮ ਨੂੰ ਆਪਸ ਵਿਚ ਲੜਾ ਕੇ ਨਾ ਮਾਰੋ।''


ਉਨ੍ਹਾਂ ਕਿਹਾ ਕਿ 'ਜਥੇਦਾਰ' ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਸਤਿਕਾਰਯੋਗ ਸ਼ਬਦਾਂ ਦਾ ਜਿਵੇਂ ਕਿ ਮਸੰਦ, ਸੰਤ, ਬਾਬਾ, ਜਥੇਦਾਰ, ਅਕਾਲੀ ਇਨ੍ਹਾਂ ਦਾ ਜਲੂਸ ਨਿਕਲਿਆ ਹੈ ਉਹ ਦਿਨ ਦੂਰ ਨਹੀਂ ਜਦੋਂ ਜਥੇਦਾਰ ਅਕਾਲ ਤਖ਼ਤ ਨੂੰ ਲੋਕ ਘੇਰ-ਘੇਰ ਕੇ ਸਵਾਲ ਕਰਨਗੇ। ਇਸ ਦੇ ਜ਼ਿੰਮੇਵਾਰ ਤੁਸੀਂ ਖ਼ੁਦ ਹੋਵਾਂਗੇ। ਇਸ ਕਰ ਕੇ ਤੁਹਾਨੂੰ ਬੇਨਤੀ ਹੈ ਕਿ ਕ੍ਰਿਪਾ ਕਰ ਕੇ ਅਪਣੇ ਗਰੋਹ ਨੂੰ ਨੱਥ ਪਾਉ ਜਿਹੜੀ ਥੋੜ੍ਹੀ ਬਹੁਤ ਇੱਜ਼ਤ ਬਾਕੀ ਹੈ ਕ੍ਰਿਪਾ ਕਰ ਕੇ ਸਾਨੂੰ ਆਪਸ ਵਿਚ ਲੜਾ ਕੇ ਨਾ ਮਾਰੋ।