ਕੇਂਦਰ ਸਰਕਾਰ ਨੇ ਫ਼ੇਸਬੁਕ ਤੋਂ ਪ੍ਰਤੀਕਿਰਿਆਵਾਂ ਦਾ ਵੇਰਵਾ ਮੰਗਿਆ
ਕੇਂਦਰ ਸਰਕਾਰ ਨੇ ਫ਼ੇਸਬੁਕ ਤੋਂ ਪ੍ਰਤੀਕਿਰਿਆਵਾਂ ਦਾ ਵੇਰਵਾ ਮੰਗਿਆ
ਨਵੀਂ ਦਿੱਲੀ, 28 ਅਕਤੂਬਰ : ਸਰਕਾਰ ਨੇ ਫ਼ੇਸਬੁਕ ਨੂੰ ਚਿੱਠੀ ਲਿਖ ਕੇ ਸੋਸ਼ਲ ਮੀਡੀਆ ਕੰਪਨੀ ਵਲੋਂ ਇਸਤੇਮਾਲ ਕੀਤੇ ਜਾਣ ਵਾਲੇ ਐਲਗੋਰਿਦਮ ਅਤੇ ਪ੍ਰਤੀਕਿਰਿਆਵਾਂ ਦਾ ਵੇਰਵਾ ਮੰਗਿਆ ਹੈ। ਇਹ ਕਦਮ ਮਹੱਤਵ ਰਖਦਾ ਹੈ ਕਿਉਂਕਿ ਹਾਲ ਹੀ ਵਿਚ ਸਾਹਮਣੇ ਆਏ ਫ਼ੇਸਬੁਕ ਦੇ ਅੰਦਰੂਨੀ ਦਸਤਾਵੇਜ਼ ਦਸਦੇ ਹਨ ਕਿ ਕੰਪਨੀ ਅਪਣੇ ਸੱਭ ਤੋਂ ਵੱਡੇ ਬਾਜ਼ਾਰ ਭਾਰਤ ਵਿਚ ਭਰਮਾਂ ਵਿਚ ਪਾਉਣ ਵਾਲੀਆਂ ਸੂਚਨਾਵਾਂ, ਨਫ਼ਰਤ ਵਾਲੇ ਭਾਸ਼ਣ ਅਤੇ ਹਿੰਸਾ ’ਤੇ ਜਸ਼ਨ ਨਾਲ ਜੁੜੀ ਸਮੱਗਰੀ ਦੀ ਸਮੱਸਿਆ ਨਾਲ ਜੂਝ ਰਹੀ ਹੈ। ਅਮਰੀਕੀ ਮੀਡੀਆ ਵਿਚ ਆਈ ਖ਼ਬਰ ਮੁਤਾਬਕ ਸੋਸ਼ਲ ਮੀਡੀਆ ਦੇ ਸੋਧਕਾਰਾਂ ਨੇ ਦਸਿਆ ਕਿ ਅਜਿਹੇ ਸਮੂਹ ਅਤੇ ਪੇਜ ਹਨ ਜੋ ‘‘ਭਰਮ, ਭੜਕਾਉ ਅਤੇ ਮੁਸਲਮਾਨ ਵਿਰੋਧੀ ਸਮੱਗਰੀ ਨਾਲ ਭਰੇ ਹੋਏ ਹਨ।’’
ਘਟਨਾਕ੍ਰਮ ਨਾਲ ਜੁੜੇ ਸੂਤਰਾਂ ਅਨੁਸਾਰ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਫ਼ੇਸਬੁਕ ਨੂੰ ਚਿੱਠੀ ਲਿਖ ਕੇ ਕੰਪਨੀ ਵਲੋਂ ਇਸਤੇਮਾਲ ਕੀਤੇ ਜਾਣ ਵਾਲੇ ਐਲਗੋਰਿਦਮ ਅਤੇ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਮੰਗੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫ਼ੇਸਬੁਕ ਤੋਂ ਗਾਹਕਾਂ ਦੀ ਸੁਰੱਖਿਆ ਲਈ ਚੁਕੇ ਗਏ ਕਦਮਾਂ ਦਾ ਬਿਊਰਾ ਵੀ ਦੇਣ ਲਈ ਕਿਹਾ ਹੈ। ਸੰਪਰਕ ਕਰਨ ’ਤੇ ਫ਼ੇਸਬੁਕ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ। ਇਸ ਸਾਲ ਦੀ ਸ਼ੁਰੂਆਤ ਵਿਚ ਭਾਰਤ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ 53 ਕਰੋੜ ਲੋਕ ਵਟਸਐਪ, 41 ਕਰੋੜ ਫ਼ੇਸਬੁਕ ਅਤੇ 21 ਕਰੋੜ ਲੋਕ ਇੰਸਟਾਗ੍ਰਾਮ ਦਾ ਇਸਤੇਮਾਲ ਕਰ ਰਹੇ ਹਨ। (ਪੀਟੀਆਈ)