ਹਵਾਈ ਫਾਇਰ ਕਰਨ ਵਾਲੇ ਬਿਲਡਰ ਨੇ 10 ਦਿਨ ਬਾਅਦ ਕੋਰਟ ’ਚ ਕੀਤਾ ਸਰੰਡਰ, ਮਿਲੀ ਜ਼ਮਾਨਤ
ਅਜਿਹੇ 'ਚ ਦੋਹਾਂ ਪੱਖਾਂ ਦੇ ਵਕੀਲਾਂ ਦੀ ਦਲੀਲ ਤੋਂ ਬਾਅਦ ਅਦਾਲਤ ਨੇ ਦੋਸ਼ੀ ਬਿਲਡਰ ਸ਼ੁਭਮ ਰਾਜਪੂਤ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ।
ਖਰੜ: ਮਹਿੰਗੀ ਕਾਰ ਖਰੀਦਣ ਦੀ ਖੁਸ਼ੀ 'ਚ ਸੁਸਾਇਟੀ ਦੇ ਗੇਟ 'ਤੇ ਹਾਈਵੇ ਕੋਲ ਸ਼ਰੇਆਮ ਹਵਾਈ ਫਾਇਰ ਕਰਨ ਦਾ ਮਾਮਲਾ ਦਰਜ ਹੋਣ ਦੇ 10 ਦਿਨਾਂ ਬਾਅਦ ਬਿਲਡਰ ਨੇ ਖਰੜ ਦੀ ਅਦਾਲਤ 'ਚ ਜੱਜ ਅੱਗੇ ਆਤਮ ਸਮਰਪਣ ਕਰ ਦਿੱਤਾ। ਨਾਇਬ ਅਦਾਲਤ ਨੇ ਖਰੜ ਸਿਟੀ ਪੁਲਿਸ ਨੂੰ ਮੁਲਜ਼ਮ ਦੇ ਆਤਮ ਸਮਰਪਣ ਦੀ ਸੂਚਨਾ ਦਿੱਤੀ। ਅਜਿਹੇ 'ਚ ਐਸਐਚਓ ਸਿਟੀ ਖਰੜ ਸੁਨੀਲ ਕੁਮਾਰ ਸ਼ਰਮਾ ਮੌਕੇ 'ਤੇ ਕਚਹਿਰੀ ਪਹੁੰਚੇ।
ਇਸ ਦੇ ਨਾਲ ਹੀ ਬਿਲਡਰ ਦੇ ਵਕੀਲ ਨੇ ਜ਼ਮਾਨਤ ਲਈ ਅਰਜ਼ੀ ਵੀ ਦਾਇਰ ਕਰ ਦਿੱਤੀ। ਇਸ ’ਤੇ ਸਰਕਾਰੀ ਵਕੀਲ ਨੇ ਇਤਰਾਜ਼ ਵੀ ਕੀਤਾ ਅਤੇ ਰਿਵਾਲਵਰ ਹਾਸਲ ਕਰਨ ਲਈ ਨੌਜਵਾਨ ਦੇ 3 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਪਰ ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਉਹ ਲਾਇਸੰਸਸ਼ੁਦਾ ਹੈ ਅਤੇ ਜਿਸ ਬਾਰੇ ਉਹ 5 ਪੁਲਿਸ ਜਾਂਚ ਵਿਚ ਸਾਰੇ ਦਸਤਾਵੇਜ਼ ਮੁਹੱਈਆ ਕਰਵਾਏਗਾ।
ਅਜਿਹੇ 'ਚ ਦੋਹਾਂ ਪੱਖਾਂ ਦੇ ਵਕੀਲਾਂ ਦੀ ਦਲੀਲ ਤੋਂ ਬਾਅਦ ਅਦਾਲਤ ਨੇ ਦੋਸ਼ੀ ਬਿਲਡਰ ਸ਼ੁਭਮ ਰਾਜਪੂਤ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ। ਖਰੜ ਥਾਣੇ ਦੇ ਐਸਐਚਓ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਦਾਲਤ ਨੇ ਕੇਸ ਵਿਚ ਜ਼ਮਾਨਤ ਦਿੰਦੇ ਹੋਏ ਸਾਰੇ ਪਹਿਲੂਆਂ ’ਤੇ ਜਾਂਚ ਦੇ ਹੁਕਮ ਦਿੱਤੇ ਹਨ।