ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਨੇ ਜਥੇਦਾਰ ਅਕਾਲ ਤਖ਼ਤ ਵਿਰੁਧ ਹੀ ਮੋਰਚਾ ਖੋਲ੍ਹ ਦਿਤਾ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਨੇ ਜਥੇਦਾਰ ਅਕਾਲ ਤਖ਼ਤ ਵਿਰੁਧ ਹੀ ਮੋਰਚਾ ਖੋਲ੍ਹ ਦਿਤਾ

image

ਸ਼੍ਰੋਮਣੀ ਕਮੇਟੀ ਉਪਰ ਕਾਬਜ਼ ਧਿਰ ਦਾ ਹੀ ਪੱਖ ਪੂਰਨ ਅਤੇ ਸਿੰਘ ਸਭਾ ਤੇ ਹੋਰ ਸਿੱਖ ਸੰਸਥਾਵਾਂ ਨੂੰ  ਗ਼ਲਤ ਰੰਗਤ ਦੇ ਕੇ ਪੇਸ਼ ਕਰਨ ਦਾ ਲਾਇਆ ਦੋਸ਼

ਚੰਡੀਗੜ੍ਹ, 28 ਅਕਤੂਬਰ (ਗੁਰਉਪਦੇਸ਼ ਭੁੱਲਰ) ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮ ਮੌਕੇ ਦਰਬਾਰ ਸਾਹਿਬ ਅੰਦਰ ਮੰਜੀ ਸਾਹਿਬ ਦੀ ਸਟੇਜ ਤੋਂ ਬੋਲਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਤੇ ਕੁੱਝ ਹੋਰ ਸਿੱਖ ਸੰਸਥਾਵਾਂ  ਬਾਰੇ ਕੀਤੀਆਂ ਟਿਪਣੀਆਂ ਬਾਰੇ ਕੇਂਦਰੀ ਸਿੰਘ ਸਭਾ ਨੇ ਸਖ਼ਤ ਪ੍ਰਤੀਕਰਮ ਦਿਤਾ ਹੈ | ਸਿੰਘ ਸਭਾ ਨੇ ਅੱਜ ਜਾਰੀ ਬਿਆਨ 'ਚ ਜਥੇਦਾਰ ਵਿਰੁਧ ਹੀ ਮੋਰਚਾ ਖੋਲ੍ਹਦਿਆਂ ਉਲਟਾ   ਉਨ੍ਹਾਂ  ਨੂੰ  ਹੀ ਕਟਹਿਰੇ 'ਚ ਖੜਾ ਕਰਨ ਦੀ ਕੋਸ਼ਿਸ਼  ਕੀਤੀ ਹੈ |
ਜਥੇਦਾਰ ਉਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਧਿਰ ਦਾ ਜ਼ਾਹਰਾ ਪੱਖ ਪੂਰਨ ਦਾ ਦੋਸ਼  ਲਾਉਂਦਿਆਂ  ਕਿਹਾ ਕਿ  ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ  ਗ਼ਲਤ ਰੰਗਤ ਵਿਚ ਪੇਸ਼ ਕੀਤਾ ਹੈ, ਜਿਸ ਬਾਰੇ ਸਿੱਖ ਚਿੰਤਕਾਂ ਨੇ ਗਹਿਰੀ ਚਿੰਤਾ ਪ੍ਰਗਟਾਈ ਹੈ | ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋ.ਸ਼ਾਮ ਸਿੰਘ, ਜਨਰਲ ਸਕੱਤਰ ਖੁਸ਼ਹਾਲ  ਸਿੰਘ ਅਤੇ ਹੋਰ ਪ੍ਰਤੀਨਿਧਾਂ ਗੁਰਪ੍ਰੀਤ ਸਿੰਘ,ਸੁਰਿੰਦਰ ਸਿੰਘ ਕਿਸ਼ਨਪੁਰਾ, ਜਸਪਾਲ ਸਿੰਘ ਸਿੱਧੂ, ਰਾਜਿੰਦਰ ਸਿੰਘ ਖਾਲਸਾ, ਰਾਜਵਿੰਦਰ ਸਿੰਘ ਰਾਹੀ ਅਤੇ ਡ. ਪਿਆਰਾ ਲਾਲ ਗਰਗ ਵਲੋਂ ਜਾਰੀ ਸਾਂਝੇ ਬਿਆਨ 'ਚ ਜਥੇਦਾਰ ਦੇ ਕੰਮ ਕਾਰ ਉਪਰ  ਗੰਭੀਰ ਸਵਾਲ ਉਠਾਏ ਗਏ ਹਨ |
ਬਿਆਨ 'ਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਬਰਗਾੜੀ ਕੇਸ ਸਮੇਂ ਬਾਦਲ ਸਰਕਾਰ ਦੀ ਪਿੱਠ ਪੂਰਨ ਬਾਰੇ, ਗੁਰੂ ਦੀ ਗੋਲਕ ਵਲੋਂ 90 ਲੱਖ ਰੁਪਏ ਦੇ ਇਸ਼ਤਿਹਾਰ ਅਖ਼ਬਾਰਾਂ ਵਿਚ ਦੇਕੇ ਸਿਰਸਾ ਸਾਧ ਨੂੰ  ਅਕਾਲ ਤਖ਼ਤ ਵਲੋਂ ਮੁਆਫ਼ੀ ਦੇਣ ਨੂੰ  ਸਹੀ ਠਹਿਰਾਉਣ ਦੇ ਪ੍ਰਚਾਰ ਹਿੱਤ ਖ਼ਰਚਣ ਬਾਰੇ ਅਤੇ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਲਾਪਤਾ ਹੋਣ ਬਾਰੇ ਜਥੇਦਾਰ ਨੇ ਚੁੱਪ ਧਾਰੀ ਹੋਈ ਹੈ | ਸਗੋਂ ਉਹ ਇਕ ਪਰਵਾਰ ਦੇ ਕਬਜ਼ੇ ਵਿਚ ਆਈ ਸ਼੍ਰੋਮਣੀ ਕਮੇਟੀ ਨੂੰ  ਪੰਥ ਦੀ ਸਿਰਮੌਰ ਸੰਸਥਾ ਵੱਜੋਂ ਪੇਸ਼ ਕਰਦੇ ਹਨ ਅਤੇ ਕਮੇਟੀ ਦੀਆਂ ਮਨਮਾਨੀਆਂ ਉੱਤੇ ਉਗਲ ਚੁੱਕਣ ਵਾਲੀਆਂ ਸਿੱਖ ਸੰਸਥਾਵਾਂ ਨੂੰ  ਪੰਥ ਨੂੰ  ਕਮਜ਼ੋਰ ਕਰਨ ਵਾਲੀਆਂ ਧਿਰਾਂ ਵੱਜੋਂ ਪੇਸ਼ ਕਰਦੇ ਹਨ | ਇਸ ਪ੍ਰਕਾਰ ਦੇ ਝੂਠੇ ਪ੍ਰਾਪੇਗੰਡੇ ਰਾਹੀਂ ਸਿੱਖ ਸੰਸਥਾਵਾਂ ਨੂੰ  ਮਿਆਰ ਤੋਂ ਗਿਰੀਆਂ ਅਤੇ ਕਰੋੜਾਂ ਰੁਪਏ ਦੀਆਂ ਮਾਲਕ ਪੇਸ਼ ਕਰ ਕੇ ਜਥੇਦਾਰ ਸਿੱਖਾਂ ਦੇ ਮਨਾਂ ਵਿਚ ਇਨ੍ਹਾਂ ਸੰਸਥਾਵਾਂ ਪ੍ਰਤੀ ਨਫ਼ਰਤ ਅਤੇ ਵਿਰੋਧ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ | ਪਰ ਸਿੱਖ ਰਹਿਤ ਮਰਿਆਦਾ ਦਾ ਮਜ਼ਾਕ ਉਡਾਉਣ ਵਾਲੀਆਂ ਸੰਪਰਦਾਵਾਂ ਦੇ ਮੁੱਖੀਆਂ/ਮਹੰਤਾਂ ਦੇ ਵਾਰਸਾਂ ਨੂੰ  ਜਥੇਦਾਰ ਸਨਮਾਨਤ ਕਰਦੇ ਹਨ, ਉਨ੍ਹਾਂ ਦੀਆਂ ਵੱਡੀਆਂ ਜਾਇਦਾਦਾਂ ਅਤੇ ਅਥਾਹ ਧਨ ਦੌਲਤ ਬਾਰੇ ਮੂੰਹ ਨਹੀਂ ਖੋਲ੍ਹਦੇ | ਸਿੰਘ ਸਭਾ ਨੇ ਬਰਗਾੜੀ ਕਾਂਡ ਉੱਤੇ ਤੱਥ ਅਧਾਰਤ ਤਿਆਰ ਕੀਤਾ Tਕੱਚਾ ਚਿੱਠਾU ਅਕਾਲ ਤਖਤ ਨੂੰ  ਮਾਰਚ 2019 ਵਿੱਚ ਸੌਪਿਆ ਸੀ, ਜਿਸ ਬਾਰੇ ਜਥੇਦਾਰ ਅੱਜ ਤਕ ਚੁੱਪ ਹੈ |
ਯਾਦ ਰਹੇ, ਕੇਂਦਰੀ ਸਿੰਘ ਸਭਾ ਅੱਜ ਵੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰੂਆਂ ਦੇ ਦਿਵਸ ਮਨਾ ਰਹੀ ਹੈ, ਜਦੋਂ ਕੀ ਸ਼੍ਰੋਮਣੀ ਕਮੇਟੀ ਨੇ ਭਾਜਪਾ/ਆਰ ਐਸ ਐਸ ਦੇ ਪ੍ਰਭਾਵ ਥੱਲੇ ਨਾਨਕਸ਼ਾਹੀ ਕੈਲੰਡਰ ਨੂੰ  ਦਫ਼ਨ ਕਰ ਦਿਤਾ ਹੈ | ਸਿੰਘ ਸਭਾ ਨੇ ਇਸ ਸਾਲ ਅਕਤੂਬਰ ਵਿਚ 150 ਸਾਲਾ ਸਥਾਪਨਾ ਵਰ੍ਹੇ ਦੀ ਸ਼ੁਰੂਆਤ ਵੇਲੇ ਅਕਾਲ ਤਖ਼ਤ ਤੋਂ 1946 ਵਿਚ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਨੂੰ  ਲਾਗੂ ਕਰਨਾ ਮੁੱਖ ਮੰਤਵ ਉਲੀਕਿਆਂ ਹੈ ਜਦੋਂ ਕਿ ਜਥੇਦਾਰ ਨੇ ਖੁੱਦ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀਆਂ ਕਾਰਵਾਈਆ ਉੱਤੇ ਡੇਰੇਦਾਰਾਂ ਦੇ ਸਿੱਧੇ-ਅਸਿੱਧੇ ਪ੍ਰਭਾਵ ਨੂੰ  ਕਬੂਲ ਲਿਆ ਹੈ |
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ  ਯਾਦ ਹੋਵੇਗਾ 6 ਮਹੀਨੇ ਪਹਿਲਾਂ ਸਿੱਖ ਸੰਗਤ ਨੂੰ  ਉਨ੍ਹ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਇਕ ਹਫ਼ਤੇ ਅੰਦਰ ਅੰਦਰ ਸੈਕਸ-ਸਕੈਡਲ ਵਿਚ ਸ਼ਾਮਲ ਪੀਟੀਸੀ ਚੈਨਲ ਵਲੋਂ ਦਰਬਾਰ ਸਾਹਿਬ ਵਿਚੋਂ ਕੀਤੇ ਜਾ ਰਹੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨੂੰ  ਬੰਦ ਕਰ ਦਿਤਾ ਜਾਵੇਗਾ ਅਤੇ ਕਮੇਟੀ ਅਪਣੀ ਵੈੱਬ ਸਾਈਟ ਰਾਹੀ ਖੁੱਦ ਗੁਰਬਾਣੀ ਰੀਲੇਅ ਕਰੇਗੀ ਪਰ 20 ਸਾਲ ਪਹਿਲਾਂ ਦੀ ਤਰ੍ਹਾਂ ਪੀਟੀਸੀ ਚੈਨਲ ਅੱਜ ਤਕ ਦਰਬਾਰ ਸਾਹਿਬ ਵਿਚੋਂ ਰੀਲੇਅ ਹੋ ਰਹੀ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਉੱਤੇ ਕਬਜ਼ਾ ਜਮਾਈ ਬੈਠੀ ਹੈ |   
ਸਿੰਘ ਸਭਾ ਨੇ ਪੀਟੀਸੀ ਚੈਨਲ ਦੇ ਰੋਲ ਵਾਲੇ 250 ਪੰਨਿਆ ਦੀ ਤੱਥ ਅਧਾਰਤ ਜਾਂਚ ਰਿਪੋਰਟ ਵੀ ਜਥੇਦਾਰ ਨੂੰ  ਕਈ ਮਹੀਨੇ ਪਹਿਲਾਂ ਪੇਸ਼ ਕੀਤੀ ਸੀ ਜਿਸ ਬਾਰੇ ਉਹ ਅਜੇ ਤੱਕ ਚੁੱਪ ਹਨ | ਸਿੱਖ ਬੀਬੀਆਂ ਨੂੰ  ਸਿੱਖ ਭਰਾਵਾਂ ਦੇ ਬਰਾਬਰ ਦਰਬਾਰ ਸਾਹਿਬ ਅੰਦਰ ਸੇਵਾ ਸੰਭਾਲ ਕਰਨ ਦੇ ਹੱਕਾਂ ਦੇ ਸਬੰਧ ਵਿੱਚ ਅਕਾਲ ਤਖਤ ਵੱਲੋਂ 1999 ਵਿੱਚ ਜਾਰੀ ਕੀਤੇ ਹੁਕਮਨਾਮੇ ਉੱਤੇ ਵੀ ਜਥੇਦਾਰ ਨੇ ਕੋਈ ਅਮਲ ਨਹੀਂ ਕੀਤਾ |
ਇਸ ਤੋਂ ਇਲਾਵਾਂ ਦਲਿਤਾਂ ਨਾਲ ਅੰਮਿ੍ਤ ਛਕਾਉਣ ਸਮੇਂ ਵੱਖਰੇ ਖੰਡੇ ਬਾਟੇ ਦੀ ਵਰਤੋਂ ਅਤੇ ਹੋਰ ਵਿਤਕਰਿਆਂ ਬਾਰੇ ਵੀਂ ਸਿੰਘ ਸਭਾ ਵਲੋਂ ਅਕਾਲ ਤਖਤ ਕੋਲ ਪੇਸ਼ ਅਪੀਲਾਂ/ਸ਼ਕਾਇਤਾਂ ਉੱਤੇ ਵੀ ਜਥੇਦਾਰ ਨੇ ਕਈ ਸਾਲਾਂ ਨੇ ਕੋਈ ਜਵਾਬ ਨਹੀਂ ਦਿਤਾ |
ਅਸੀਂ ਸ਼ਪਸ਼ਟ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਧਿਰ ਨੇ ਅਪਣੇ ਹਿੱਤਾਂ ਕਰ ਕੇ, ਆਲ ਇੰਡੀਆਂ ਗੁਰਦੁਆਰਾ ਐਕਟ ਨੂੰ  ਸਿਰੇ ਨਹੀਂ ਚੜ੍ਹਣ ਦਿਤਾ | ਜਿਸ ਕਰ ਕੇ ਪਟਨਾ ਸਾਹਿਬ, ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ, ਦਿੱਲੀ ਦੇ ਗੁਰਦੁਆਰਿਆਂ ਦੀ ਵੱਖਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਮ ਲਿਆ | ਸ਼੍ਰੋਮਣੀ ਕਮੇਟੀ ਉੱਤੇ ਭਾਜਪਾ ਨਾਲ ਸਾਂਝ ਭਿਆਲੀ ਵਾਲੀ ਸਿੱਖ ਸਿਆਸੀ ਧਿਰ ਦੇ ਕਬਜ਼ੇ ਨੂੰ  ਪੱਕਾ ਰੱਖਣ ਲਈ ਹੀ 'ਭਾਰਤੀ ਡੀਪ ਸਟੇਟ' ਕਮੇਟੀ ਚੋਣਾਂ, ਨੂੰ  ਕਦੇ ਵੀਂ ਸਮੇਂ ਸਿਰ ਨਹੀਂ ਕਰਵਾਉਂਦੀ |
ਅਸਲ ਵਿਚ, ਸਿੱਖਾਂ ਨੇ ਅਪਣੇ ਤੌਰ ਉੱਤੇ 15 ਨਵੰਬਰ 1920 ਨੂੰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕੀਤੀ ਸੀ | ਜਿਸ ਦੇ ਪੰਜ ਸਾਲ 8 ਮਹੀਨੇ ਦੌਰਾਨ ਸਿੱਖਾਂ ਨੂੰ  ਵੱਡੀਆਂ ਕੁਰਬਾਨੀਆਂ ਦੇਣ ਦੇ ਰਾਹ ਤੋਰਿਆ ਅਤੇ ਗੁਰਦੁਆਰੇ ਆਜ਼ਾਦ ਕਰਵਾਏ | ਜਦੋਂ ਕਿ ਅੰਗਰੇਜ਼ਾਂ ਨਾਲ ਅੰਦਰੋਂ ਅੰਦਰ ਸਮਝੌਤਾ ਕਰ ਕੇ, 1925 ਵਿਚ ਗੁਰਦੁਆਰਾ ਐਕਟ ਨੂੰ  ਮਨ ਲਿਆ ਗਿਆ ਤਾਂ ਉਸ ਅਕੈਟ ਅਧੀਨ ਬਣੀ ਸ਼੍ਰੋਮਣੀ ਕਮੇਟੀ ਪਿਛਲੇ 100 ਸਾਲਾ ਤੋਂ ਕਦੇ ਵੀ ਸਰਕਾਰ ਦੇ ਅੰਦਰੂਨੀ ਦਖ਼ਲ ਤੋਂ ਮੁਕਤ ਨਹੀਂ ਹੋਈ ਅਤੇ ਉਸ ਵਿਚ ਕੋਈ ਮੂਲ ਤਬਦੀਲੀ ਨਹੀਂ ਹੋਈ | ਅਕਾਲੀ ਲੀਡਰਾਂ ਨੇ ਮੰਨ ਲਿਆ ਜਿਹੜਾ 100 ਸਾਲ ਬਾਅਦ ਵੀ ਉਸੇ ਤਰੀਕੇ ਨਾਲ ਬਿਨ੍ਹਾਂ ਤਰਮੀਮ ਚਲ ਰਿਹਾ ਹੈ ਅਤੇ ਟੇਡੇ ਤਰੀਕੇ ਨਾਲ ਦਿੱਲੀ ਸਰਕਾਰ ਨਾਲ ਸਾਂਝ ਭਿਆਲੀ ਕਾਇਮ ਰੱਖਦਾ ਹੈ |