Bank Fraud: 1626 ਕਰੋੜ ਰੁਪਏ ਦਾ ਬੈਂਕ ਘਪਲਾ: ਚੰਡੀਗੜ੍ਹ ਦੀ ਫਾਰਮਾ ਕੰਪਨੀ ਦੇ 2 ਡਾਇਰੈਕਟਰ ਅਤੇ ਸੀਏ ਗ੍ਰਿਫ਼ਤਾਰ
ਵਿਨੀਤ ਗੁਪਤਾ ਨੂੰ ਦਿੱਲੀ, ਪ੍ਰਣਵ ਗੁਪਤਾ, ਸੁਰਜੀਤ ਬਾਂਸਲ ਨੂੰ ਪੰਚਕੂਲਾ ਤੋਂ ਕੀਤਾ ਗ੍ਰਿਫ਼ਤਾਰ
Bank Fraud: ਚੰਡੀਗੜ੍ਹ ਸਥਿਤ ਫਾਰਮਾਸਿਊਟੀਕਲ ਕੰਪਨੀ ਪੈਰਾਬੋਲਿਕ ਡਰੱਗਜ਼ ਕੰਪਨੀ ਦੇ ਪ੍ਰਮੋਟਰਾਂ ਪ੍ਰਣਵ ਗੁਪਤਾ, ਵਿਨੀਤ ਗੁਪਤਾ ਅਤੇ ਚਾਰਟਰਡ ਅਕਾਊਂਟੈਂਟ ਸੁਰਜੀਤ ਬਾਂਸਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਹੈ। ਵਿਨੀਤ ਨੂੰ ਦਿੱਲੀ ਤੋਂ ਅਤੇ ਪ੍ਰਣਵ ਅਤੇ ਬਾਂਸਲ ਨੂੰ ਪੰਚਕੂਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਨ੍ਹਾਂ ਤਿੰਨਾਂ ਨੂੰ ਈਡੀ ਨੇ 1626.74 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਦੋਸ਼ ਵਿਚ ਫੜਿਆ ਸੀ। ਸ਼ਨੀਵਾਰ ਸ਼ਾਮ ਨੂੰ ਈਡੀ ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਪੰਕਜ ਭਟਨਾਗਰ ਅਤੇ ਉਨ੍ਹਾਂ ਦੀ ਟੀਮ ਉਸ ਨੂੰ ਚੰਡੀਗੜ੍ਹ ਲੈ ਕੇ ਆਈ ਅਤੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ। ਉੱਥੇ ਈਡੀ ਦੇ ਵਕੀਲ ਨੇ ਉਸ ਦਾ 14 ਦਿਨ ਦਾ ਰਿਮਾਂਡ ਮੰਗਿਆ। ਈਡੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਅਜੇ ਵੀ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ, ਇਸ ਲਈ ਉਨ੍ਹਾਂ ਦੀ ਹਿਰਾਸਤ ਦੀ ਲੋੜ ਹੈ। ਅਦਾਲਤ ਨੇ ਇਨ੍ਹਾਂ ਦਾ 5 ਦਿਨ ਦਾ ਰਿਮਾਂਡ ਮਨਜ਼ੂਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਈਡੀ ਨੇ ਚੰਡੀਗੜ੍ਹ, ਪੰਚਕੂਲਾ, ਦਿੱਲੀ ਅਤੇ ਮੁੰਬਈ ਸਮੇਤ 17 ਥਾਵਾਂ 'ਤੇ ਕੰਪਨੀ ਦੀ ਤਲਾਸ਼ੀ ਲਈ ਸੀ। ਸੈਂਟਰਲ ਬੈਂਕ ਆਫ ਇੰਡੀਆ ਸਮੇਤ 12 ਬੈਂਕਾਂ ਦੀ ਸ਼ਿਕਾਇਤ 'ਤੇ ਉਨ੍ਹਾਂ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਸੀ। ਇਲਜ਼ਾਮ ਅਨੁਸਾਰ ਉਸ ਨੇ ਆਪਣੀ ਫਾਰਮਾਸਿਊਟੀਕਲ ਕੰਪਨੀ ਲਈ ਇਨ੍ਹਾਂ ਬੈਂਕਾਂ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਅਤੇ ਇਸ ਦੀ ਦੁਰਵਰਤੋਂ ਕੀਤੀ।
ਉਸ ਨੇ ਬੈਂਕ ਦੇ ਕਰਜ਼ੇ ਦੇ ਪੈਸੇ ਨੂੰ ਆਪਣੀਆਂ ਹੋਰ ਕੰਪਨੀਆਂ ਵਿੱਚ ਨਿਵੇਸ਼ ਕੀਤਾ। ਦਸੰਬਰ 2021 ਵਿਚ ਸੀਬੀਆਈ ਨੇ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਐਫਆਈਆਰ ਵਿਚ ਕੰਪਨੀ ਦੇ ਪ੍ਰਮੋਟਰਾਂ ਤੋਂ ਇਲਾਵਾ ਕਈ ਡਾਇਰੈਕਟਰਾਂ ਦੇ ਨਾਂ ਵੀ ਦਰਜ ਹਨ। ਹੁਣ ਈਡੀ ਨੇ ਵੀ ਇਸ ਮਾਮਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਰੋੜਾਂ ਰੁਪਏ ਦੇ ਇਸ ਬੈਂਕ ਫਰਾਡ ਵਿਚ ਸ਼ਹਿਰ ਦੇ ਇਕ ਵੱਡੇ ਸ਼ਰਾਬ ਕਾਰੋਬਾਰੀ ਦਾ ਨਾਂ ਵੀ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਈਡੀ ਨੇ ਉਸ ਦੇ ਦਫ਼ਤਰ ਦੀ ਤਲਾਸ਼ੀ ਲਈ, ਹਾਲਾਂਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਕਾਰੋਬਾਰੀ ਦੇ ਪੈਰਾਬੋਲਿਕ ਕੰਪਨੀ ਨਾਲ ਵੀ ਸਬੰਧ ਸਨ। ਇਸ ਦੇ ਨਾਲ ਹੀ ਈਡੀ ਨੇ ਸ਼ੁੱਕਰਵਾਰ ਨੂੰ ਸੋਨੀਪਤ ਦੀ ਇੱਕ ਯੂਨੀਵਰਸਿਟੀ ਦੀ ਤਲਾਸ਼ੀ ਵੀ ਲਈ ਸੀ।
ਦੋਸ਼ੀ ਵਿਨੀਤ ਅਤੇ ਪ੍ਰਣਵ ਗੁਪਤਾ ਇਸ ਯੂਨੀਵਰਸਿਟੀ ਦੇ ਮੋਢੀ ਸਨ। ਈਡੀ ਨੇ ਸ਼ਨੀਵਾਰ ਨੂੰ ਮੋਹਾਲੀ ਦੀ ਪਾਲਕਸ਼ਾ ਯੂਨੀਵਰਸਿਟੀ ਦੇ ਦਿੱਲੀ ਦਫ਼ਤਰ ਦੀ ਵੀ ਤਲਾਸ਼ੀ ਲਈ। ਦੋਸ਼ੀ ਇਸ ਯੂਨੀਵਰਸਿਟੀ ਦਾ ਸੰਸਥਾਪਕ ਵੀ ਹੈ। ਈਡੀ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਬੈਂਕ ਲੋਨ ਦਾ ਪੈਸਾ ਇਨ੍ਹਾਂ ਯੂਨੀਵਰਸਿਟੀਆਂ ਵਿਚ ਵੀ ਨਿਵੇਸ਼ ਕੀਤਾ ਸੀ।