ludhiana thieves: ਸ਼ਾਤਰ ਵਾਹਨ ਚੋਰ ਗ੍ਰਿਫ਼ਤਾਰ, ਵਾਹਨ ਚੋਰੀ ਕਰਕੇ ਕਰ ਦਿੰਦੇ ਸੀ ਪੁਰਜਾ-ਪੁਰਜਾ

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮਾਂ ਕੋਲੋਂ 8 ਬਾਈਕ, 15 ਵਾਹਨਾਂ ਦੇ ਵੱਖ-ਵੱਖ ਪੁਰਜ਼ੇ ਅਤੇ ਜੁਗਾੜ ਤੋਂ ਬਣੀ ਇਕ ਬਾਈਕ ਬਰਾਮਦ ਕੀਤੀ ਗਈ ਹੈ।

File Photo

ludhiana Thieves: ਸ਼ਾਤਰ ਚੋਰ ਵੱਖ-ਵੱਖ ਇਲਾਕਿਆਂ 'ਚੋਂ 50 ਤੋਂ ਵੱਧ ਵਾਹਨ ਚੋਰੀ ਕਰ ਕੇ ਲੈ ਗਏ ਤੇ ਉਹ ਅਪਣੇ ਦੋਸਤਾਂ ਨਾਲ ਮਿਲ ਕੇ ਬਾਈਕ ਦੇ ਪੁਰਜ਼ੇ ਅਲੱਗ-ਥਲੱਗ ਕਰ ਦਿੰਦੇ ਸੀ। ਥਾਣਾ ਡਿਵੀਜ਼ਨ-7 ਦੀ ਪੁਲਿਸ ਨੇ ਦੋਵੇਂ ਮੁਲਜ਼ਮਾਂ ਪ੍ਰਦੀਪ ਕੁਮਾਰ ਅਤੇ ਦਮੋਦਰ ਕੁਮਾਰ ਉਰਫ਼ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ 8 ਬਾਈਕ, 15 ਵਾਹਨਾਂ ਦੇ ਵੱਖ-ਵੱਖ ਪੁਰਜ਼ੇ ਅਤੇ ਜੁਗਾੜ ਤੋਂ ਬਣੀ ਇਕ ਬਾਈਕ ਬਰਾਮਦ ਕੀਤੀ ਗਈ ਹੈ।

ਦੋਵਾਂ ਦਾ 4 ਦਿਨ ਦਾ ਰਿਮਾਂਡ ਮਿਲਿਆ ਹੈ। ਪ੍ਰਦੀਪ ਬਾਈਕ ਚੋਰੀ ਕਰਕੇ ਦਮੋਦਰ ਦੀ ਦੁਕਾਨ 'ਤੇ ਲੈ ਆਉਂਦਾ ਸੀ। ਇਸ ਦੇ ਨਾਲ ਹੀ ਦਮੋਦਰ ਇੱਕ ਗੱਡੀ 5 ਤੋਂ 15 ਹਜ਼ਾਰ ਰੁਪਏ ਵਿਚ ਵੇਚਦਾ ਸੀ। ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇੰਨਾ ਹੀ ਨਹੀਂ, ਮਕੈਨਿਕ ਦਾਮੋਦਰ ਵਾਹਨਾਂ ਦੇ ਪਾਰਟਸ ਨੂੰ ਵੱਖ ਕਰਦਾ ਸੀ, ਜਿਸ ਤੋਂ ਬਾਅਦ ਉਹ ਇਨ੍ਹਾਂ ਨੂੰ ਬਾਜ਼ਾਰ ਵਿਚ ਸਪਲਾਈ ਕਰਦਾ ਸੀ। ਪੁੱਛਗਿਛ ਦੌਰਾਨ ਪ੍ਰਦੀਪ ਨੇ ਦੱਸਿਆ ਕਿ ਉਸ ਦੇ ਖਿਲਾਫ਼ ਚੋਰੀ ਦੇ 5 ਮੁਕੱਦਮੇ ਦਰਜ ਹਨ, ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆ ਕੇ ਉਸ ਨੇ ਦੁਬਾਰਾ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫ਼ਿਲਹਾਲ ਮਕੈਨਿਕ ਦਮੋਦਰ ਅਤੇ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦੇ ਵੇਰਵੇ ਦੀ ਛਾਣਬੀਣ ਕੀਤੀ ਜਾ ਰਹੀ ਹੈ।