Punjab News: ਲੁਧਿਆਣਾ ’ਚ ਫ਼ਰਜ਼ੀ ਟਰੈਵਲ ਏਜੰਟ ਖਿਲਾਫ਼ ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

Punjab News:

Case registered against fake travel agent in Ludhiana

 

Punjab News: ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਲੁਧਿਆਣਾ  ਦੇ ਇੱਕ ਟਰੈਵਲ ਏਜੰਟ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਈਡੀ ਦੇ ਸਹਾਇਕ ਡਾਇਰੈਕਟੋਰੇਟ ਰਾਕੇਸ਼ ਜਾਂਘੂ ਦੇ ਬਿਆਨਾਂ 'ਤੇ ਕੀਤੀ ਗਈ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਈ ਡੀ ਅਨੁਸਾਰ ਏਜੰਟ ਨਿਤੀਸ਼ ਘਈ 'ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਇੱਥੋਂ ਤੱਕ ਕਿ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਸੈਕੜੇ ਤੋ ਵੱਧ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਵਰਕ ਵੀਜ਼ਾ ਦੇਣ ਦੇ ਨਾਮ ਉੱਤੇ ਉਨ੍ਹਾਂ ਨੂੰ ਠੱਗਣ ਦੇ ਕਈ ਦੋਸ਼ ਹਨ। ਏਜੰਟ ਘਈ ਨੇ ਲੋਕਾਂ ਤੋਂ ਲਏ ਪੈਸਿਆਂ ਨਾਲ ਜਾਇਦਾਦ ਬਣਾਈ ਹੈ।

ਮੁਲਜ਼ਮਾਂ ਖ਼ਿਲਾਫ਼ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਬੀ ਐਨ ਐਸ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 61(2), 318 (4) ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਸਬ-ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਈਡੀ ਅਧਿਕਾਰੀਆਂ ਨੇ ਨਿਤਿਸ਼ ਘਈ ਖ਼ਿਲਾਫ਼ ਐਫਆਈਆਰ ਦਰਜ ਕਰਨ ਲਈ ਪੁਲਿਸ ਕਮਿਸ਼ਨਰੇਟ, ਲੁਧਿਆਣਾ ਨੂੰ ਪੱਤਰ ਲਿਖਿਆ।

ਐਸਐਚਓ ਬਲਵੰਤ ਸਿੰਘ ਨੇ ਦੱਸਿਆ ਕਿ ਈਡੀ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਏਜੰਟ ਨਿਤੀਸ਼ ਘਈ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਕਈ ਲੋਕਾਂ ਨਾਲ ਠੱਗੀ ਮਾਰੀ ਹੈ। ਈਡੀ ਨੇ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਹੈ ਕਿ ਘਈ ਨੇ ਟਰੈਵਲ ਫਰਮਾਂ ਦਾ ਗੈਰ-ਕਾਨੂੰਨੀ ਕਾਰੋਬਾਰ ਚਲਾ ਕੇ ਸਰਕਾਰ ਨੂੰ ਵੀ ਧੋਖਾ ਦਿੱਤਾ ਹੈ। ਈਡੀ ਮੁਤਾਬਕ ਮਾਮਲੇ ਦੀ ਜਾਂਚ ਨੂੰ ਲੈ ਕੇ ਹੁਣ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਕਈ ਮਾਮਲਿਆਂ ਵਿੱਚ 2018 ਵਿੱਚ ਸਮਝੌਤਾ ਹੋਇਆ। ਘਈ ਦੇ ਸਟਾਫ਼ ਅਤੇ ਪਰਿਵਾਰਕ ਮੈਂਬਰਾਂ ਦੇ ਖਿਲਾਫ਼ ਧੋਖਾਧੜੀ ਦੀਆਂ 100 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਘਈ ਨੇ ਪੰਜਾਬ ਵਾਸੀਆਂ ਤੋਂ ਇਲਾਵਾ ਹਰਿਆਣਾ, ਗੁਜਰਾਤ, ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਵੀ ਧੋਖਾ ਕੀਤਾ। ਫਿਲਹਾਲ ਕੁਝ ਮਾਮਲੇ ਜਾਂਚ ਅਧੀਨ ਹਨ, ਜਿਨ੍ਹਾਂ 'ਚ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।