ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ ਦੇ ਖਿਲਾਫ਼ ਲਗਾਤਾਰ ਨਾਅਰੇਬਾਜ਼ੀ ਕਰ ਰਹੀਆਂ ਹਨ।

Anganwadi workers

ਸੰਗਰੂਰ- ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਵਲੋ ਧਰਨਾ ਪ੍ਰਦਰਸ਼ਨ ਜਾਰੀ ਹੈ। ਦੂਜੇ ਪਾਸੇ ਆਂਗਣਵਾੜੀ ਵਰਕਰਾ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚਲਦੇ ਅੱਜ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਾਂ ਨੇ ਸਵੇਰ ਤੋਂ ਸੰਗਰੂਰ ਸਥਿਤ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰ ਲਿਆ ਹੈ। ਇਸ ਦੌਰਾਨ ਉਹ ਆਪਣੀਆਂ ਮੰਗਾਂ ਦੇ ਹੱਕ ਵਿਚ ਅਤੇ ਸਿੱਖਿਆ ਮੰਤਰੀ ਦੇ ਖਿਲਾਫ਼ ਲਗਾਤਾਰ ਨਾਅਰੇਬਾਜ਼ੀ ਕਰ ਰਹੀਆਂ ਹਨ।

ਜਿਕਰਯੋਗ ਹੈ ਕਿ ਬੀਤੇ ਦਿਨੀ ਵਿਜੈ ਇੰਦਰ ਸਿੰਗਲਾ ਹਰਿਆਣਾ-ਦਿੱਲੀ ਬਾਰਡਰ ’ਤੇ ਗਏ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨਾਲ ਕੀਤੇ ਮਾੜੇ ਵਿਹਾਰ ਨੂੰ ਵੇਖਦਿਆਂ ਲੱਗਦਾ ਹੈ ਕਿ ਮੋਦੀ ਸਰਕਾਰ ਨੇ ‘ਜੈ ਜਵਾਨ, ਜੈ ਕਿਸਾਨ’ ਨਾਅਰੇ ਦੀ ਪ੍ਰੀਭਾਸ਼ਾ ਬਦਲ ਕੇ ‘ਜਾਹ ਜਵਾਨ, ਮਾਰ ਕਿਸਾਨ’ ਕਰ ਦਿੱਤੀ ਹੈ।  ਇਸ ਮੌਕੇ ਸਿੰਗਲਾ ਨੇ ਕਿਸਾਨਾਂ ਦਾ ਹਾਲ-ਚਾਲ ਜਾਣਨ ਤੋਂ ਇਲਾਵਾ ਲੰਗਰ ’ਚ ਹਿੱਸਾ ਪਾਇਆ ਤੇ ਸੰਘਰਸ਼ੀਲ ਕਿਸਾਨਾਂ ਨੂੰ ਲੰਗਰ ਵਰਤਾਇਆ। 

ਦੂਜੇ ਪਾਸੇ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਸਾਰੀ ਕੈਬਨਿਟ ਤੇ ਪਾਰਟੀ ਖੇਤੀਬਾੜੀ ਖੇਤਰ ’ਤੇ ਛਾਏ ਇਨ੍ਹਾਂ ਬੱਦਲਾਂ ਵਿਰੁੱਧ ਡੱਟ ਕੇ ਖੜੇ ਹਨ ਅਤੇ ਕਿਸੇ ਵੀ ਕੀਮਤ ’ਤੇ ਇਹ ਕਾਲੇ ਕਾਨੂੰਨ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ।