ਕਾਲ ਰਿਕਾਰਡ ਦੀਆਂ ਕਾਪੀਆਂ ਜਾਰੀ ਕਰਨ ਨਾਲ ਖੱਟਰ ਦੇ ਪਾਖੰਡ ਦਾ ਪਰਦਾਫਾਸ਼ ਹੋ ਗਿਐ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਜੇਕਰ ਉਹ ਮੇਰੇ ਨਾਲ ਸਚਮੁਚ ਗੱਲ ਕਰਨਾ ਚਾਹੁੰਦੇ ਸਨ ਤਾਂ ਮੋਬਾਈਲ 'ਤੇ ਵੀ ਕਰ ਸਕਦੇ ਸਨ

Capt Amrinder Singh

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਹਰਿਆਣਾ ਦੇ ਮੁਖ ਮੰਤਰੀ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਸਾਧਣ ਦੇ ਸਬੂਤ ਵਜੋਂ ਕਾਲ ਰਿਕਾਰਡ ਦੀ ਕਾਪੀ ਜਾਰੀ ਕਰਨ ਤੋਂ ਬਾਅਦ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋੜਵਾਂ ਜਵਾਬ ਦਿਤਾ ਹੈ। ਕੈਪ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਵਿਚ ਅਪਣੇ ਹਮਰੁਤਬਾ ਵਲੋਂ ਜਾਰੀ ਕੀਤੇ ਅਖੌਤੀ ਕਾਲ ਰਿਕਾਰਡ ਨੂੰ ਮੁਕੰਮਲ ਤੌਰ 'ਤੇ ਢਕਵੰਜ ਦਸਦਿਆਂ ਰੱਦ ਕਰ ਦਿਤਾ ਹੈ। ਕੈਪਟਨ ਮੁਤਾਬਕ ਆਪਣੇ ਹੀ ਸਰਕਾਰੀ ਰਜਿਸਟਰ ਦਾ ਪੰਨਾ ਦਿਖਾਉਣ ਨਾਲ ਮਨੋਹਰ ਲਾਲ ਖੱਟਰ ਦੇ ਝੂਠਾਂ 'ਤੇ ਪਰਦਾ ਨਹੀਂ ਪੈ ਸਕਦਾ ਅਤੇ ਜੇਕਰ ਉਹ ਸੱਚਮੁੱਚ ਹੀ ਸੰਪਰਕ ਸਾਧਣਾ ਚਾਹੁੰਦੇ ਸਨ ਤਾਂ ਉਹ ਅਧਿਕਾਰਤ ਢੰਗ-ਤਰੀਕਾ ਵਰਤ ਸਕਦੇ ਸਨ ਜਾਂ ਫਿਰ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਕਾਲ ਕਰ ਸਕਦੇ ਸਨ।

ਮੁੱਖ ਮੰਤਰੀ ਖੱਟਰ ਵਲੋਂ ਅਪਣੇ ਦਾਅਵੇ ਨੂੰ ਸਹੀ ਸਾਬਤ ਕਰਨ ਲਈ ਕੀਤੀਆਂ ਤਰਸਯੋਗ ਕੋਸ਼ਿਸ਼ਾਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਲ ਰਿਕਾਰਡ ਦੀਆਂ ਕਾਪੀਆਂ ਜਿਨਾਂ ਵਿਚ ਹਰਿਆਣਾ ਦੇ ਮੁੱਖ ਮੰਤਰੀ ਦੇ ਦਫਤਰ ਵੱਲੋਂ ਉਹਨਾਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਣ ਦਾ ਯਤਨ ਕੀਤਾ ਗਿਆ ਹੈ, ਜਾਰੀ ਕਰਨ ਨਾਲ ਖੱਟਰ ਦੀ ਪਾਖੰਡਬਾਜੀ ਦਾ ਹੋਰ ਵੀ ਵੱਧ ਪਰਦਾਫਾਸ਼ ਹੋਇਆ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ,”ਜੇਕਰ ਖੱਟਰ ਦੇ ਦਫਤਰ ਵੱਲੋਂ ਮੇਰੀ ਰਿਹਾਇਸ਼ 'ਤੇ ਕਾਲ ਕੀਤੀ ਵੀ ਗਈ ਸੀ ਤਾਂ ਇਹ ਕਾਲਾਂ ਇਕ ਅਟੈਡੈਂਟ ਨੂੰ ਹੀ ਕਿਉਂ ਕੀਤੀਆਂ ਗਈਆਂ। ਮੇਰੇ ਨਾਲ ਸੰਪਰਕ ਕਾਇਮ ਕਰਨ ਲਈ ਅਧਿਕਾਰਤ ਤਰੀਕੇ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ?”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਖਰਲੇ ਅਧਿਕਾਰੀ ਜਿਹਨਾਂ ਵਿੱਚ ਪ੍ਰਮੁੱਖ ਸਕੱਤਰ ਅਤੇ ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਸ਼ਾਮਲ ਹਨ, ਕਿਸਾਨ ਮੁੱਦੇ ਉਤੇ ਪਿਛਲੇ ਕਈ ਦਿਨਾਂ ਤੋਂ ਦੋਵਾਂ ਪਾਸਿਆਂ ਤੋਂ ਇਕ-ਦੂਜੇ ਦੇ ਸੰਪਰਕ ਵਿੱਚ ਸਨ, ਇਹਨਾਂ ਵਿੱਚੋਂ ਵੀ ਕਿਸੇ ਅਧਿਕਾਰੀ ਨੇ ਕਿਸੇ ਵੀ ਮੌਕੇ ਉਤੇ ਮੇਰੇ ਨਾਲ ਗੱਲ ਕਰਨ ਬਾਰੇ ਖੱਟਰ ਦੀ ਇੱਛਾ ਬਾਰੇ ਨਹੀਂ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਉਹਨਾਂ ਦੇ ਹਮਰੁਤਬਾ ਦੀ ਕਿਸਾਨਾਂ ਦੇ ‘ਦਿੱਲੀ ਚੱਲੋ’ ਮਾਰਚ ਦੇ ਉੱਚੇ ਨੈਤਿਕ ਆਧਾਰ ਉਤੇ ਕਾਬਜ ਹੋਣ ਦੀ ਕੋਸ਼ਿਸ਼ ਤਰਸਯੋਗ ਸੀ।


ਮੁੱਖ ਮੰਤਰੀ ਨੇ ਕਿਹਾ,”ਬੀਤੇ ਸਮੇਂ ਵਿੱਚ ਖੱਟਰ ਨੇ ਮੇਰੇ ਨਾਲ ਸੰਪਰਕ ਕਰਨ ਲਈ ਕਿੰਨੇ ਵਾਰ ਅਟੈਡੈਂਟ ਵਾਲੇ ਚੈਨਲ ਦੀ ਵਰਤੋਂ ਕੀਤੀ? ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਝੂਠ ਬੋਲਣਾ ਬੰਦ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਮੇਰੀ ਰਿਹਾਇਸ਼ ਉਤੇ ਮੇਰਾ ਅਟੈਡੈਂਟ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਫੋਨ ਕਾਲਾਂ ਸੁਣਦਾ ਹੈ ਕਿਉਂਕਿ ਮੈਂ ਆਪਣੇ ਸਟਾਫ ਮੈਂਬਰਾਂ ਦਾ ਸ਼ੋਸ਼ਣ ਕਰਨ ਵਿੱਚ ਵਿਸ਼ਵਾਸ ਨਹੀਂ ਕਰਦਾ। ਖੱਟਰ ਸਿੱਧਾ ਆਪਣਾ ਫੋਨ ਚੁੱਕ ਕੇ ਮੇਰੇ ਮੋਬਾਈਲ ਫੋਨ ਉਤੇ ਕਾਲ ਕਰ ਸਕਦਾ ਸੀ।