ਸੜਕੀ ਹਾਦਸੇ 'ਚ ਹਲਾਕ ਔਰਤ ਦੇ ਬੱਚਿਆਂ ਤਕ ਕੀਤੀ ਪਹੁੰਚ

ਏਜੰਸੀ

ਖ਼ਬਰਾਂ, ਪੰਜਾਬ

ਸੜਕੀ ਹਾਦਸੇ 'ਚ ਹਲਾਕ ਔਰਤ ਦੇ ਬੱਚਿਆਂ ਤਕ ਕੀਤੀ ਪਹੁੰਚ

image

ਐਸ.ਏ.ਐਸ. ਨਗਰ, 28 ਨਵੰਬਰ (ਗੁਰਮੁਖ ਵਾਲੀਆ) : ਮੁਹਾਲੀ ਟ੍ਰੈਫਿਕ ਪੁਲਿਸ ਨੇ ਸੜਕੀ ਹਾਦਸੇ ਵਿੱਚ ਹਲਾਕ ਮਹਿਲਾ ਦੇ ਬੱਚਿਆਂ ਤੱਕ ਪਹੁੰਚ ਕਰਕੇ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦੇ ਕੇ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਐਸ.ਪੀ. ਟ੍ਰੈਫਿਕ ਗੁਰਜੋਤ ਸਿੰਘ ਕਲੇਰ ਨੇ ਬੱਚਿਆਂ ਨੂੰ ਆਪਣੀ ਗੋਦ ਵਿਚ ਲੈ ਕੇ ਦਿਲਾਸਾ ਦਿੱਤਾ ਅਤੇ ਉਨ੍ਹਾਂ ਨੂੰ ਸਰਦੀਆਂ ਦੇ ਕੱਪੜੇ ਅਤੇ ਕੰਬਲ ਮੁਹੱਈਆ ਕਰਵਾਏ।
ਵਾਹਨਾਂ ਦੀ ਤੇਜ਼ ਰਫਤਾਰ ਅਤੇ ਡਰਾਈਵਰਾਂ ਦੁਆਰਾ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਕਰਕੇ ਸੜਕ ਹਾਦਸਿਆਂ ਵਿੱਚ ਹਰ ਸਾਲ ਲੱਖਾਂ ਕੀਮਤੀ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਹਨ।
ਅਜਿਹੀ ਹੀ ਇੱਕ ਹਾਲ ਹੀ ਵਿੱਚ ਵਾਪਰੀ ਦਿਲ ਕੰਬਾਊ ਘਟਨਾ ਵਿੱਚ ਐਸ.ਏ.ਐਸ. ਨਗਰ ਦੇ ਰਹਿਣ ਵਾਲੇ ਦੋ ਛੋਟੇ ਬੱਚਿਆਂ ਤਾਨੀਆ ਅਤੇ ਬਾਦਲ ਆਪਣੀ ਮਾਂ ਨੂੰ ਗੁਆ ਬੈਠੇ, ਜਦੋਂ ਇੱਕ ਤੇਜ਼ ਰਫਤਾਰ ਵਾਹਨ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਕਰਕੇ ਉਨ੍ਹਾਂ ਦੀ ਮਾਂ ਦੀ ਜਾਨ ਚਲੀ ਗਈ। ਪੁਲਿਸ ਨੇ ਇਨ੍ਹਾਂ ਦੋਵਾਂ ਛੋਟੇ ਬੱਚਿਆਂ ਦੀ ਮਾਂ ਦੀ ਮੌਤ ਲਈ ਜ਼ਿੰਮੇਵਾਰ ਦੋਸ਼ੀ ਡਰਾਈਵਰ, ਜਿਸ ਦੀ ਗ਼ਲਤੀ ਕਰ ਕੇ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਵਿਚ ਹਨੇਰਾ ਛਾ ਗਿਆ ਹੈ, ਨੂੰ ਗ੍ਰਿਫ਼ਤਾਰ ਕਰਨ ਅਤੇ ਅਗਲੀ ਕਾਰਵਾਈ ਲਈ ਐਫਆਈਆਰ ਦਰਜ ਕੀਤੀ ਹੈ। ਬੱਚਿਆਂ ਲਈ ਇਹ ਬਹੁਤ ਹੀ ਦੁਖਦਾਈ ਸਮਾਂ ਹੈ, ਕਿਉਂ ਕਿ ਛੋਟੀ ਉਮਰ ਵਿੱਚ ਹੀ ਇਨ੍ਹਾਂ ਬੱਚਿਆਂ ਨੇ ਆਪਣੇ ਪਿਤਾ ਨੂੰ ਵੀ ਖੋ ਦਿੱਤਾ ਸੀ।




“ਐਸ.ਏ.ਐਸ.ਨਗਰ ਪੁਲਿਸ, ਐਸ.ਐਸ.ਪੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਦੁੱਖ ਦੀ ਇਸ ਘੜੀ ਵਿਚ ਬਾਦਲ ਅਤੇ ਤਾਨਿਆ ਨਾਲ ਖੜ੍ਹੀ ਹੈ ਅਤੇ ਉਹਨਾਂ ਦੀ ਭਲਾਈ ਲਈ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕਰਦੀ ਹੈ। ਗੁਰਜੋਤ ਸਿੰਘ ਕਲੇਰ ਨੇ ਕਿਹਾ ਕਿ ਅਸੀਂ ਇਨ੍ਹਾਂ ਬੱਚਿਆਂ ਦਾ ਦੁੱਖ ਤਾਂ ਨਹੀਂ ਘਟਾ ਸਕਦੇ ਪਰ ਹਰ ਤਰੀਕੇ ਨਾਲ ਉਨ੍ਹਾਂ ਦੀ ਸਹਾਇਤਾ ਕਰਾਂਗੇ।”

ਫੋਟੋ ਕੈਪਸ਼ਨ -੧ ਬੱਚਿਆਂ ਨਾਲ ਗੱਲਬਾਤ ਕਰਦੇ ਪੁਲਿਸ ਮੁਲਾਜ਼ਮ।