ਕੈਪਟਨ ਨੇ ਗੱਲਬਾਤ ਲਈ ਕਿਸਾਨਾਂ ਨੂੰ ਅਮਿਤ ਸ਼ਾਹ ਦੀ ਅਪੀਲ ਮੰਨਣ ਲਈ ਆਖਿਆ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਨੇ ਗੱਲਬਾਤ ਲਈ ਕਿਸਾਨਾਂ ਨੂੰ ਅਮਿਤ ਸ਼ਾਹ ਦੀ ਅਪੀਲ ਮੰਨਣ ਲਈ ਆਖਿਆ

image

ਚੰਡੀਗੜ੍ਹ, 28 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਵਲੋਂ ਰੋਸ ਪ੍ਰਦਰਸ਼ਨ ਲਈ ਮਿੱਥੀ ਗਈ ਜਗ੍ਹਾ ਉਤੇ ਜਾਣ ਲਈ ਕੀਤੀ ਗਈ ਅਪੀਲ ਨੂੰ ਪ੍ਰਵਾਨ ਕਰਨ ਲਈ ਆਖਿਆ ਹੈ, ਜਿਸ ਨਾਲ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਗੱਲਬਾਤ ਛੇਤੀ ਤੋਰਨ ਦਾ ਰਾਹ ਪੱਧਰਾ ਹੋਵੇਗਾ। ਅਮਿਤ ਸ਼ਾਹ ਵਲੋਂ ਕਿਸਾਨਾਂ ਨਾਲ ਜਲਦ ਵਿਚਾਰ-ਵਟਾਂਦਰਾ ਕਰਨ ਦੀ ਕੀਤੀ ਪੇਸ਼ਕਸ਼ ਉਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੈਪਟਨ ਨੇ ਕਿਹਾ ਕਿ ਇਹ ਕਿਸਾਨ ਭਾਈਚਾਰੇ ਅਤੇ ਮੁਲਕ ਦੇ ਵਡੇਰੇ ਹਿਤ ਵਿਚ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਸ਼ਾਹ ਨੇ 3 ਦਸੰਬਰ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਉਨ੍ਹਾਂ ਦਾ ਬਿਆਨ ਇਹ ਦਰਸਾਉਂਦਾ ਹੈ ਕਿ ਕੇਂਦਰ ਕਿਸਾਨਾਂ ਦਾ ਪੱਖ ਸੁਣਨ ਲਈ ਤਿਆਰ ਹੈ ਜੋ ਸਵਾਗਤਯੋਗ ਕਦਮ ਹੈ। ਉਨ੍ਹਾਂ ਖੇਤੀ ਕਾਨੂੰਨ ਦੇ ਮੁੱਦੇ ਉਤੇ ਪੈਦਾ ਹੋਈ ਖੜੋਤ ਤੋੜਨ ਲਈ ਗੱਲਬਾਤ ਨੂੰ ਹੀ ਇਕਮਾਤਰ ਹੱਲ ਦਸਿਆ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੇਂਦਰੀ ਗ੍ਰਹਿ ਮੰਤਰੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਹਰੇਕ ਸਮੱਸਿਆ ਅਤੇ ਮੰਗ ਉਤੇ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਕਿਸਾਨਾਂ ਵਲੋਂ ਦਿੱਲੀ ਵਿੱਚ ਅਪਣੇ ਰੋਸ ਪ੍ਰਦਰਸ਼ਨ ਲਈ



ਨਿਰਧਾਰਤ ਜਗ੍ਹਾ ਉਤੇ ਸ਼ਿਫ਼ਟ ਹੋ



ਜਾਣ ਤੋਂ ਅਗਲੇ ਦਿਨ ਹੀ ਗੱਲਬਾਤ ਕੀਤੀ ਜਾਵੇਗੀ ਤਾਂ ਇਸ ਸਬੰਧ ਵਿਚ ਕਿਸਾਨਾਂ ਲੀਡਰਾਂ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ।  
 ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਕੇਂਦਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਦੇ ਮਾਮਲੇ ਵਿਚ ਪੂਰਾ ਸਮਰਥਨ ਦੇਣ ਲਈ ਤਿਆਰ ਹਨ ਅਤੇ ਸਾਰਿਆਂ ਦੇ ਸਮੂਹਿਕ ਹਿੱਤ ਵਿਚ ਵਿਚੋਲਗੀ ਕਰਨ ਲਈ ਰਾਜ਼ੀ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਜਲਦੀ ਹੱਲ ਕਢਣਾ ਪੰਜਾਬ ਅਤੇ ਹਰ ਪੰਜਾਬੀ ਦੇ ਹਿੱਤ ਵਿਚ ਹੈ।