'ਦਿੱਲੀ 'ਚ 'ਆਪ' ਸਰਕਾਰ ਬਣਨ ਤੋਂ ਬਾਅਦ ਇਸ਼ਤਿਹਾਰਬਾਜ਼ੀ 'ਤੇ ਖ਼ਰਚਾ 20 ਕਰੋੜ ਤੋਂ ਹੋਇਆ 200 ਕਰੋੜ'

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ-ਦਿੱਲੀ ਸਿੱਖਿਆ ਮਾਡਲ 'ਤੇ ਖੁੱਲ੍ਹੀ ਬਹਿਸ : ਸਿੱਖਿਆ ਮੰਤਰੀ ਪਰਗਟ ਨੇ ਨਹੀਂ ਦਿਤੀ ਸਕੂਲਾਂ ਦੀ ਸੂਚੀ

Pargat Singh

ਕਿਹਾ- ਉਹ ਨਗਰ ਪਾਲਿਕਾ ਚਲਾ ਰਹੇ ਹਨ ਅਤੇ ਅਸੀਂ ਸੂਬਾ; ਜੀਵਨ ਸ਼ੈਲੀ 'ਤੇ ਹੋਵੇ ਬਹਿਸ

ਚੰਡੀਗੜ੍ਹ : ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮਾਡਲ 'ਤੇ ਬਹਿਸ ਦੌਰਾਨ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਕੂਲਾਂ ਦੀ ਸੂਚੀ ਜਾਰੀ ਨਹੀਂ ਕੀਤੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 250 ਸਕੂਲਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਪਰਗਟ ਸਿੰਘ ਨੂੰ ਐਤਵਾਰ ਸ਼ਾਮ ਤੱਕ ਸੂਚੀ ਦੇਣ ਲਈ ਕਿਹਾ ਸੀ।

ਇਸ ਦੇ ਜਵਾਬ ਵਿੱਚ ਪਰਗਟ ਨੇ ਹੁਣ ਕਿਹਾ ਕਿ ਦਿੱਲੀ ਅਤੇ ਪੰਜਾਬ ਵਿਚ ਸਥਿਤੀ ਵੱਖਰੀ ਹੈ। ਉਹ ਨਗਰ ਪਾਲਿਕਾ ਚਲਾ ਰਿਹਾ ਹੈ ਅਤੇ ਅਸੀਂ ਇੱਕ ਪੂਰਾ ਰਾਜ ਹਾਂ। ਜਿਸ ਦੀਆਂ ਸਰਹੱਦਾਂ ਪਾਕਿਸਤਾਨ ਨਾਲ ਲੱਗਦੀਆਂ ਹਨ। ਪਰਗਟ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆ ਨੂੰ ਮੇਰੀ ਜੀਵਨ ਸ਼ੈਲੀ 'ਤੇ ਬਹਿਸ ਕਰਨੀ ਚਾਹੀਦੀ ਹੈ।

ਉਹ ਕੋਈ ਆਮ ਆਦਮੀ ਨਹੀਂ ਸਗੋਂ ਖਾਸ ਵਿਅਕਤੀ ਹੈ, ਜੋ ਬਹੁਰੂਪੀਆ ਬਣ ਕੇ ਲੋਕਾਂ ਨੂੰ ਧੋਖਾ ਦੇ ਰਿਹਾ ਹੈ। ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁਕਾਬਲੇ ਪੰਜਾਬ ਵਿੱਚ 20 ਗੁਣਾ ਸਕੂਲ ਹਨ। ਕੁਝ ਸਕੂਲ ਸਰਹੱਦੀ ਖੇਤਰ ਵਿੱਚ ਹਨ। ਜਿੱਥੇ ਕਈ ਵਾਰ ਸਕੂਲ ਬੰਦ ਕਰਨੇ ਪੈਂਦੇ ਹਨ। ਕਈ ਸਕੂਲ ਅਜਿਹੇ ਹਨ ਜਿੱਥੇ ਪਹੁੰਚਣ ਲਈ ਦਰਿਆ ਪਾਰ ਕਰਨਾ ਪੈਂਦਾ ਹੈ।

ਅਸੀਂ ਉੱਥੇ ਵੀ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਈਆਂ ਹਨ । ਪਰਗਟ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਿਰਫ਼ ਚੋਣ ਪ੍ਰਚਾਰ ਕਰਨ ਵਿਚ ਹੀ ਮਾਹਰ ਹੈ। ਦਿੱਲੀ 'ਚ 'ਆਪ' ਸਰਕਾਰ ਬਣਨ ਤੋਂ ਬਾਅਦ ਇਸ਼ਤਿਹਾਰਬਾਜ਼ੀ 'ਤੇ ਖਰਚ 20 ਕਰੋੜ ਤੋਂ 200 ਕਰੋੜ ਹੋ ਗਿਆ। ਉਹ ਸੋਸ਼ਲ ਮੀਡੀਆ ਰਾਹੀਂ ਹੀ ਆਪਣੀ ਤਾਰੀਫ਼ ਕਰਦੇ ਹਨ।

ਜ਼ਿਕਰਯੋਗ ਹੈ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ 'ਚ ਅਧਿਆਪਕਾਂ ਨੂੰ ਅੱਠ ਗਾਰੰਟੀਆਂ ਦਿੱਤੀਆਂ ਸਨ। ਇਹ ਦੇਖ ਕੇ ਪਰਗਟ ਸਿੰਘ ਨੇ ਕੇਜਰੀਵਾਲ 'ਤੇ ਹਮਲਾ ਬੋਲਿਆ ਕਿ ਪੰਜਾਬ ਸਕੂਲੀ ਸਿੱਖਿਆ ਦੇ ਨੈਸ਼ਨਲ ਪਰਫਾਰਮੈਂਸ ਗ੍ਰੇਡ ਇੰਡੈਕਸ (ਐੱਨ.ਪੀ.ਜੀ.ਆਈ.) 'ਚ ਸਭ ਤੋਂ ਉੱਪਰ ਹੈ। ਦਿੱਲੀ ਦੇ ਮੁਕਾਬਲੇ ਪੰਜਾਬ ਸਿੱਖਿਆ ਤੋਂ ਲੈ ਕੇ ਬੁਨਿਆਦੀ ਢਾਂਚੇ ਤੱਕ ਪਹਿਲੇ ਨੰਬਰ 'ਤੇ ਰਿਹਾ ਹੈ।

ਦਿੱਲੀ ਛੇਵੇਂ ਨੰਬਰ 'ਤੇ ਹੈ। ਜਿਸ ਤੋਂ ਬਾਅਦ ਦਿੱਲੀ 'ਚ ਸਿੱਖਿਆ ਮੰਤਰਾਲਾ ਸੰਭਾਲ ਰਹੇ ਸਿਸੋਦੀਆ ਨੇ ਪਰਗਟ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿਤੀ ਸੀ। ਜਿਸ ਨੂੰ ਪਰਗਟ ਨੇ ਮੰਨ ਲਿਆ ਪਰ 10 ਦੀ ਬਜਾਏ 250 ਸਕੂਲਾਂ 'ਤੇ ਬਹਿਸ ਦੀ ਗੱਲ ਕੀਤੀ। ਸਿਸੋਦੀਆ ਨੇ ਐਤਵਾਰ ਦੁਪਹਿਰ ਨੂੰ 250 ਸਕੂਲਾਂ ਦੀ ਸੂਚੀ ਜਾਰੀ ਕੀਤੀ ਸੀ।