ਵਿਕਾਸ ਪੱਖੋਂ ਲੁਧਿਆਣਾ ਦੇ ਹਲਕਾ ਆਤਮ ਨਗਰ ਦੇ ਲੋਕਾਂ ਨਾਲ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਵਿਤਕਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਸਾਲਾਂ ਤੋਂ ਵਿਕਾਸ ਲਈ ਅਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਲਕਾ ਆਤਮ ਨਗਰ ਦੇ ਲੋਕ

Ludhiana constituency Atam Nagar has not been developed for many years

ਲੁਧਿਆਣਾ(ਰਾਜਵਿੰਦਰ ਸਿੰਘ) :  ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਲਕਾ ਆਤਮ ਨਗਰ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਵਿਕਾਸ ਲਈ ਅਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਹਲਕੇ ਵਿਚ ਨਜ਼ਰ ਮਾਰੀ ਜਾਵੇ ਤਾਂ ਗਲੀਆਂ ਨਾਲੀਆਂ ਆਦਿ ਦੀ ਹਾਲਤ ਬੇਹੱਦ ਤਰਸਯੋਗ ਹੈ। ਬਾਰਿਸ਼ ਦੇ ਦਿਨਾਂ ਵਿਚ ਇਹ ਸੜਕਾਂ ਨਹਿਰ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਸ ਤੋਂ ਇਲਾਕਾ ਨਿਵਾਸੀ ਕਾਫੀ ਪਰੇਸ਼ਾਨ ਹਨ। ਇਲਾਕੇ ਦੇ ਲੋਕ ਹਲਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਕਾਰਗੁਜ਼ਾਰੀ ਤੋਂ ਵੀ ਨਿਰਾਸ਼ ਦਿਖਾਈ ਦੇ ਰਹੇ ਹਨ। 

ਪਿਛਲੇ ਲੰਬੇ ਸਮੇਂ ਤੋਂ ਇਸ ਹਲਕੇ ਵਿਚ ਇੰਡਸਟਰੀ ਅਤੇ ਹੋਰ ਕਈ ਕੰਪਨੀਆਂ ਆਪਣਾ ਕਾਰੋਬਾਰ ਕਰਦੀਆਂ ਹਨ, ਜਿਸ ਤੋਂ ਪੰਜਾਬ ਦੇ ਖਜ਼ਾਨੇ ਵਿਚ ਵੱਡਾ ਮਾਲੀਆ ਜਾਂਦਾ ਹੈ ਪਰ ਵਿਕਾਸ ਪੱਖੋਂ ਇਹ ਇਲਾਕਾ ਬਹੁਤ ਪਿੱਛੇ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਵਿਧਾਇਕ ਬੈਂਸ ਨੇ ਇਲਾਕੇ ਵੱਲ ਮੂੰਹ ਨਹੀਂ ਕੀਤਾ ਪਰ ਚੋਣਾਂ ਦੌਰਾਨ ਉਹ ਵੱਡੇ-ਵੱਡੇ ਦਾਅਵੇ ਕਰਨ ਆ ਜਾਂਦੇ ਹਨ। ਇਲਾਕੇ ਵਿਚ ਕਈ ਥਾਈਂ ਕੂੜੇ ਦੇ ਢੇਰ ਦੇਖਣ ਨੂੰ ਮਿਲ ਰਹੇ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਹ ਲਗਾਤਾਰ ਟੈਕਸ ਭਰ ਰਹੇ ਹਨ ਪਰ ਸ਼ਹਿਰ ਵਿਚ ਸੜਕਾਂ ਟੁੱਟੀਆਂ ਹੋਈਆਂ ਹਨ।

ਲੋਕਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇੱਥੇ ਨਾ ਤਾਂ ਉਹਨਾਂ ਦਾ ਕੰਮ ਕਰਨ ਲਈ ਜੀਅ ਕਰਦਾ ਹੈ ਤੇ ਨਾ ਹੀ ਇੱਥੇ ਰਹਿਣ ਲਈ ਜੀਅ ਕਰਦਾ ਹੈ। ਉਹਨਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਜਿਵੇਂ ਇੱਥੇ ਕੋਈ ਨਹੀਂ ਰਹਿ ਰਿਹਾ।  ਇਲਾਕੇ ਦੇ ਕਈ ਲੋਕਾਂ ਨੇ ਦੱਸਿਆ ਕਿ ਉਹ ਵੀਹ ਸਾਲ ਤੋਂ ਇੱਥੇ ਰਹਿ ਰਹੇ ਹਨ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਕ ਵਾਰ ਵੀ ਸੜਕ ਨਹੀਂ ਬਣੀ। ਬਾਰਿਸ਼ ਦੇ ਦਿਨਾਂ ਵਿਚ ਘਰੋਂ ਬਾਹਰ ਜਾਣਾ ਔਖਾ ਹੋ ਜਾਂਦਾ ਹੈ, ਇੱਥੋਂ ਤੱਕ ਕਿ ਬੱਚਿਆਂ ਦੀ ਵੀ ਸਕੂਲਾਂ ਤੋਂ ਛੁੱਟੀ ਕਰਵਾਉਣੀ ਪੈਂਦੀ ਹੈ। ਇਸ ਦੌਰਾਨ ਭਾਰੀ ਨੁਕਸਾਨ ਹੁੰਦਾ ਹੈ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਕਿਸੇ ਸਿਆਸੀ ਪਾਰਟੀ ਨੂੰ ਵੋਟ ਨਹੀਂ ਦੇਣਗੇ, ਉਸ ਉਮੀਦਵਾਰ ਨੂੰ ਹੀ ਵੋਟ ਦਿੱਤੀ ਜਾਵੇਗੀ ਜੋ ਇਲਾਕੇ ਦੇ ਵਿਕਾਸ ਨੂੰ ਤਰਜੀਹ ਦੇਵੇਗਾ। ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਵਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿਛਲੀਆਂ ਸਰਕਾਰਾਂ ਤੋਂ ਨਾਖੁਸ਼ ਲੋਕਾਂ ਨੂੰ ਕਿਸੇ ਸਿਆਸੀ ਪਾਰਟੀ ਵਿਚ ਯਕੀਨ ਨਹੀਂ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਝੂਠੇ ਵਾਅਦਿਆਂ ਦੇ ਝਾਂਸੇ ਵਿਚ ਨਹੀਂ ਆਉਣਗੇ।