ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਾਬਕਾ ਡਿਪਟੀ CM ਓਪੀ ਸੋਨੀ, ਕਿਹਾ- ਜਾਂਚ ’ਚ ਦੇਵਾਂਗਾ ਪੂਰਾ ਸਹਿਯੋਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ 2 ਘੰਟੇ ਹੋਈ ਪੁੱਛਗਿੱਛ

Punjab Vigilance Bureau questions former deputy CM OP Soni for 2 Hours

 

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਬਿਊਰੋ ਵੱਲੋਂ ਸੰਮਨ ਕੀਤੇ ਜਾਣ ਤੋਂ ਬਾਅਦ ਆਪਣਾ ਪੱਖ ਰੱਖਣ ਲਈ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਬਿਊਰੋ ਕੋਲ ਪੇਸ਼ ਹੋਏ। ਜਿੱਥੇ ਉਹਨਾਂ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਬਾਹਰ ਆਏ ਓਪੀ ਸੋਨੀ ਨੇ ਕਿਹਾ ਕਿ ਉਹਨਾਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਾਰੇ ਸਵਾਲ ਪੁੱਛੇ ਗਏ ਸਨ ਪਰ ਉਹਨਾਂ ਦਾ ਜਵਾਬ ਉਹੀ ਸੀ ਜੋ ਉਹਨਾਂ ਨੇ ਚੋਣ ਕਮਿਸ਼ਨ ਦੇ ਸਾਹਮਣੇ ਹਲਫ਼ਨਾਮਾ ਦਿੱਤਾ ਸੀ।

ਓਪੀ ਸੋਨੀ ਨੇ ਦੱਸਿਆ ਕਿ ਉਹਨਾਂ ਨੂੰ ਵਿਜੀਲੈਂਸ ਵੱਲੋਂ ਸੰਮਨ ਮਿਲੇ ਸਨ ਅਤੇ ਅੱਜ ਉਹ ਇਸ ਦਾ ਜਵਾਬ ਦੇਣ ਲਈ ਇੱਥੇ ਪਹੁੰਚੇ ਸਨ। ਓਪੀ ਸੋਨੀ ਨੇ ਕਿਹਾ ਕਿ ਉਹਨਾਂ ਨੇ ਹੁਣ ਤੱਕ 7-8 ਵਾਰ ਚੋਣ ਲੜੀ ਹੈ ਅਤੇ ਹਰ 5 ਸਾਲ ਬਾਅਦ ਉਹਨਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਵਿਚ ਜਾਇਦਾਦ ਸਬੰਧੀ ਵੇਰਦੇ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ: ਇਜ਼ਰਾਈਲੀ ਫਿਲਮ ਨਿਰਮਾਤਾ ਦੇ ਬਿਆਨ ’ਤੇ ਵਿਵਾਦ: The Kashmir Files ਨੂੰ ਕਿਹਾ ‘ਪ੍ਰਾਪੋਗੰਡਾ’ ਅਤੇ ‘ਅਸ਼ਲੀਲ’ ਫ਼ਿਲਮ

ਉਹਨਾਂ ਕਿਹਾ ਕਿ ਉਹਨਾਂ ਦੀ ਜਾਇਦਾਦ ਉਹੀ ਹੈ, ਜਿਸ ਦੇ ਵੇਰਵੇ ਹਲਫ਼ਨਾਮੇ ਵਿਚ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਦੋਂ ਵੀ ਬੁਲਾਇਆ ਜਾਵੇਗਾ ਉਹ ਜ਼ਰੂਰ ਆਉਣਗੇ। ਵਿਜੀਲੈਂਸ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਸਾਬਕਾ ਉਪ ਮੁੱਖ ਮੰਤਰੀ ਦੇ ਘਰ ਵਿਜੀਲੈਂਸ ਬਿਊਰੋ ਵੱਲੋਂ ਦਿੱਤੇ ਨੋਟਿਸ ਵਿਚ ਉਹਨਾਂ ਨੂੰ ਆਮਦਨ ਸਬੰਧੀ ਜਾਣਕਾਰੀ ਅਤੇ ਵੇਰਵੇ ਪੇਸ਼ ਕਰਨ ਲਈ ਕਿਹਾ ਗਿਆ ਹੈ। ਵਿਭਾਗ ਵੱਲੋਂ ਓਪੀ ਸੋਨੀ ਨੂੰ ਭਰਨ ਲਈ ਪ੍ਰੋਫਾਰਮਾ ਦਿੱਤਾ ਗਿਆ ਹੈ, ਜਿਸ ਨੂੰ ਉਹਨਾਂ ਨੇ 7 ਦਿਨਾਂ ਵਿਚ ਭਰ ਕੇ ਦੇਣਾ ਹੈ। ਇਸ ਪ੍ਰੋਫਾਰਮੇ ਵਿਚ ਉਹਨਾਂ ਕੋਲੋਂ ਜਾਇਦਾਦ ਅਤੇ ਆਮਦਨ ਬਾਰੇ ਪੁੱਛਿਆ ਗਿਆ ਹੈ।