ਕੇਂਦਰ ਨੇ ਲਗਾਇਆ ਪੰਜਾਬ ਦੇ ਮੁਫ਼ਤ ਅਨਾਜ 'ਤੇ 11 ਫ਼ੀਸਦੀ ਦਾ ਕੱਟ, 17.27 ਲੱਖ ਲਾਭਪਾਤਰੀ ਹੋਣਗੇ ਪ੍ਰਭਾਵਿਤ
- ਹਰ ਲਾਭਪਾਤਰੀ ਨੂੰ ਮਿਲਦੀ ਹੈ ਪ੍ਰਤੀ ਮਹੀਨਾ 5 ਕਿਲੋ ਕਣਕ
ਚੰਡੀਗੜ੍ਹ - ਪ੍ਰਧਾਨ ਮੰਤਰੀ ਗ਼ਰੀਬ ਅੰਨ ਕਲਿਆਣ ਯੋਜਨਾ ਤਹਿਤ ਲੋੜਵੰਦਾਂ ’ਚ ਵੰਡੇ ਜਾਣ ਵਾਲੀ ਕਣਕ ਦਾ ਕੋਟਾ ਇਸ ਵਾਰ 11 ਫ਼ੀਸਦੀ ਘੱਟ ਆਇਆ ਹੈ। ਡਿਪੂ ਹੋਲਡਰਾਂ ਨੂੰ ਕਣਕ ਦੀ ਉਪਲਬੱਧਤਾ ਦੱਸ ਦਿੱਤੀ ਗਈ ਹੈ ਪਰ ਇਸ ਨੂੰ ਮਸ਼ੀਨਾਂ ’ਚ ਅਜੇ ਅਪਲੋਡ ਨਹੀਂ ਕੀਤਾ ਹੈ ਕਿ ਕਿਸ ਵਿਅਕਤੀ ਨੂੰ ਕਿੰਨੀ ਕਣਕ ਦਿੱਤੀ ਜਾਣੀ ਹੈ ਤੇ ਕਿਸ ਦਾ ਕਾਰਡ ਕੱਟਿਆ ਹੈ। ਫੂਡ ਸਪਲਾਈ ਵਿਭਾਗ ਡਿਪੂ ਹੋਲਡਰਾਂ ’ਤੇ ਦਬਾਅ ਬਣਾ ਰਿਹਾ ਹੈ ਕਿ ਉਹ ਗੋਦਾਮਾਂ ਤੋਂ ਕਣਕ ਚੁੱਕ ਕੇ ਆਪਣੇ ਕੋਲ ਸਟੋਰ ਕਰ ਲੈਣ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ 30 ਨਵੰਬਰ ਤੋਂ ਬਾਅਦ ਕੋਟਾ ਲੈਪਸ ਹੋ ਜਾਏਗਾ
ਜੋ ਡਿਪੂ ਹੋਲਡਰਾਂ ਲਈ ਪ੍ਰੇਸ਼ਾਨੀ ਬਣ ਗਿਆ ਹੈ, ਕਿਉਂਕਿ ਇਕ ਤਾਂ ਲੋੜਵੰਦਾਂ ਦੀ ਕਣਕ ’ਚ ਪਹਿਲਾਂ ਹੀ ਕੱਟ ਲਾ ਦਿੱਤਾ ਗਿਆ ਹੈ ਤੇ ਉਸ ’ਤੇ ਇਕਦਮ ਨਾਲ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਲਈ ਇਹ ਚੁਣੌਤੀ ਵਾਲਾ ਕੰਮ ਹੈ ਕਿ ਇਸ ਦੀ ਪੂਰਤੀ ਕਿਵੇਂ ਕੀਤੀ ਜਾਵੇਗੀ। ਕੇਂਦਰੀ ਐਲੋਕੇਸ਼ਨ ਦੇ ਲਿਹਾਜ਼ ਨਾਲ 17.27 ਲੱਖ ਲਾਭਪਾਤਰੀਆਂ ਨੂੰ ਕੇਂਦਰੀ ਸਕੀਮ ਦਾ ਮੁਫ਼ਤ ਅਨਾਜ ਨਹੀਂ ਮਿਲ ਸਕੇਗਾ।