Punjab Vidhan Sabha: ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਵਾਕਆਊਟ; ਸਦਨ ਅਣਮਿੱਥੇ ਸਮੇਂ ਲਈ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੂਜੇ ਦਿਨ ਸਰਬਸੰਮਤੀ ਨਾਲ ਪਾਸ ਹੋਏ ਚਾਰ ਬਿੱਲ

Punjab Vidhan Sabha Winter Session

Punjab Vidhan Sabha: ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਅਤੇ ਆਖਰੀ ਕਾਨੂੰਨ ਵਿਵਸਥਾ ਨੂੰ ਲੈ ਕੇ ਹੰਗਾਮਾ ਜਾਰੀ ਰਿਹਾ। ਮਤਾ ਪੇਸ਼ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਦੇ ਉਠਾਉਣ ਲਈ ਹੋਰ ਸਮਾਂ ਮੰਗਿਆ। ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਮੁੱਦੇ ਉਠਾਏ ਗਏ ਹਨ ਤਾਂ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਗੰਭੀਰ ਹੈ ਅਤੇ ਨਸ਼ਿਆਂ 'ਤੇ ਵੀ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ। ਇਜਲਾਸ ਸਿਰਫ਼ ਦੋ ਦਿਨ ਲਈ ਸੱਦਣਾ ਠੀਕ ਨਹੀਂ ਹੈ। ਅਜਿਹੀ ਸਥਿਤੀ ਵਿਚ ਪੰਜਾਬ ਦੇ ਮੁੱਦੇ ਸਹੀ ਢੰਗ ਨਾਲ ਨਹੀਂ ਉਠਾਏ ਜਾ ਸਕਦੇ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦੇ ਹੋਏ ਸਦਨ ’ਚੋਂ ਵਾਕਆਊਟ ਕਰ ਗਏ। ਉਨ੍ਹਾਂ ਦੇ ਨਾਲ ਕਈ ਕਾਂਗਰਸੀ ਆਗੂ ਵੀ ਸਦਨ ਛੱਡ ਕੇ ਚਲੇ ਗਏ। ਜਿਸ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ। ਦੂਜੇ ਦਿਨ ਸਦਨ ਵਿਚ ਚਾਰ ਬਿੱਲ ਪਾਸ ਕੀਤੇ ਗਏ, ਇਸ ਦੌਰਾਨ ਟਰਾਂਸਫਰ ਆਫ਼ ਪ੍ਰਾਪਰਟੀ ਪੰਜਾਬ ਸੋਧ ਬਿੱਲ, ਰਜਿਸਟਰੇਸ਼ਨ ਪੰਜਾਬ ਸੋਧ ਬਿੱਲ, ਇੰਡੀਅਨ ਸਟੈਂਪ ਪੰਜਾਬ ਸੋਧ ਬਿੱਲ ਅਤੇ ਪੰਜਾਬ ਕੈਨਾਲ ਅਤੇ ਡਰੇਨੇਜ਼ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।

ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿਥੇ ਕੋਈ ਵੀ ਸਕੂਲ ਅਧਿਆਪਕ ਤੋਂ ਬਿਨਾਂ ਨਹੀਂ ਰਹੇਗਾ: ਹਰਜੋਤ ਬੈਂਸ

ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਸਵਾਲ ਕੀਤਾ ਕਿ ਸ਼ਹੀਦ ਭਗਤ ਸਿੰਘ ਨਗਰ 'ਚ 3 ਸਕੂਲਾਂ 'ਚ ਅਧਿਆਪਕ ਹੀ ਨਹੀਂ ਹਨ। ਉਨ੍ਹਾਂ ਪੁੱਛਿਆ ਕਿ ਜੇਕਰ ਕੋਈ ਬੱਚਾ ਕਿਸੇ ਚੰਗੇ ਸਕੂਲ 'ਚ ਜਾਣਾ ਚਾਹੁੰਦਾ ਹੈ ਤਾਂ ਉਸ ਲਈ ਕੀ ਬਜਟ ਰੱਖਿਆ ਗਿਆ ਹੈ। ਹਰਜੋਤ ਸਿੰਘ ਬੈਂਸ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਮਾਰਚ, 2022 ਤੋਂ ਪਹਿਲਾਂ ਪੰਜਾਬ ਦੇ 20 ਹਜ਼ਾਰ ਸਕੂਲਾਂ 'ਚੋਂ 3500 ਸਕੂਲਾਂ 'ਚ ਅਧਿਆਪਕ ਹੀ ਨਹੀਂ ਸਨ ਜਾਂ ਸਿੰਗਲ ਅਧਿਆਪਕ ਸਨ, ਅੱਜ ਇਨ੍ਹਾਂ ਦੀ ਗਿਣਤੀ 600 ਤੋਂ ਘੱਟ ਰਹਿ ਗਈ ਹੈ ਅਤੇ ਮਾਰਚ, 2024 ਤਕ ਪੰਜਾਬ ਪੂਰੇ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿਥੇ ਕੋਈ ਵੀ ਸਕੂਲ ਅਧਿਆਪਕ ਤੋਂ ਬਿਨਾਂ ਜਾਂ ਸਿੰਗਲ ਟੀਚਰ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਖੱਟਕੜ ਕਲਾਂ ਸਕੂਲ ਦਾ ਨਾਂ ਬਦਲ ਕੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸੁੱਖੀ ਦਾ ਸਕੂਲ ਬੰਗਾ ਵਿਖੇ ਹੈ, ਜੋ ਕਿ 1920 'ਚ ਬਣਿਆ ਸੀ ਅਤੇ ਕਰੋੜਾਂ ਰੁਪਿਆ ਖ਼ਰਚ ਕੇ ਬੰਗਾ ਦੇ ਸਕੂਲ ਆਫ ਐਮੀਨੈਂਸ ਨੂੰ ਸ਼ਾਨਦਾਰ ਬਣਾ ਰਹੇ ਹਾਂ। ਉਨ੍ਹਾਂ ਦਸਿਆ ਕਿ ਇਸ ਦੌਰਾਨ ਸਾਰੇ 20,000 ਸਰਕਾਰੀ ਸਕੂਲਾਂ ਨੂੰ ਵਾਈ-ਫਾਈ ਨਾਲ ਜੋੜਿਆ ਜਾਵੇਗਾ। ਇੰਨਾ ਹੀ ਨਹੀਂ ਹੁਣ ਤਕ 4000 ਸਕੂਲਾਂ 'ਚ ਵਾਈਫਾਈ ਲਗਾਇਆ ਜਾ ਚੁੱਕਿਆ ਹੈ ਅਤੇ 8000 ਸਕੂਲਾਂ 'ਚ ਚਾਰ ਦੀਵਾਰੀ ਦਾ ਕੰਮ ਚੱਲ ਰਿਹਾ ਹੈ। ਪੰਜਾਬ ਦੇ ਸਕੂਲਾਂ ਵਿਚ ਸੁਰੱਖਿਆ ਗਾਰਡ ਵੀ ਰੱਖੇ ਗਏ ਹਨ।

ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਸਿਆ ਕਿ ਓਰਲ ਮੈਡੀਸੀਨ ਲੈਣ ਮਗਰੋਂ ਨਸ਼ਾ ਛੁਡਾਉਣ ਤੋਂ ਬਾਅਦ ਵੀ 80-90 ਫ਼ੀ ਸਦੀ ਨੌਜਵਾਨ ਮੁੜ ਨਸ਼ੇ ਵੱਲ ਵਾਪਸ ਜਾ ਰਹੇ ਹਨ। ਇਸ ਨੂੰ ਰੋਕਣ ਲਈ ਮਾਨਸਿਕ ਸਿਹਤ ਨੀਤੀ ਨੂੰ ਸੋਧਿਆ ਜਾ ਰਿਹਾ ਹੈ। ਇਸ ਵਿਚ ਯੋਗਾ ਕਮ ਦਵਾਈ ਅਤੇ ਮੁੜ ਵਸੇਬੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਵਿਚ ਮਨੋਵਿਗਿਆਨੀ ਡਾਕਟਰਾਂ ਦੀ ਘਾਟ ਹੈ। ਪੰਜਾਬ ਵਿਚ ਸਿਰਫ਼ 35 ਡਾਕਟਰ ਉਪਲਬਧ ਹਨ, ਪਰ ਮਾਨਸਿਕ ਸਿਹਤ ਨੀਤੀ ਜੇਲਾਂ ਤੋਂ ਸ਼ੁਰੂ ਕੀਤੀ ਗਈ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਮੁਹੱਲਾ ਕਲੀਨਿਕ ਨੂੰ ਲੈ ਕੇ ਪੁੱਛਿਆ ਸਵਾਲ

ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਮੁੜ ਪਹਿਲੇ ਦਿਨ ਵਾਲਾ ਸਵਾਲ ਚੁੱਕਿਆ ਗਿਆ ਕਿ ਪੂਰੇ ਪੰਜਾਬ 'ਚ ਖੋਲ੍ਹੇ ਗਏ 600 ਮੁਹੱਲਾ ਕਲੀਨਿਕਾਂ 'ਚੋਂ ਉਨ੍ਹਾਂ ਦੇ ਹਲਕੇ ਗੁਰਦਾਸਪੁਰ 'ਚ ਕੋਈ ਮੁਹੱਲਾ ਕਲੀਨਿਕ ਨਹੀਂ ਖੁੱਲ੍ਹਿਆ ਅਤੇ ਨਾ ਹੀ ਕੋਈ ਮੈਡੀਕਲ ਕਾਲਜ ਹੈ। ਇਸ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਥੇ ਤਕ ਮੁਹੱਲਾ ਕਲੀਨਿਕਾਂ ਦੀ ਗੱਲ ਹੈ ਤਾਂ ਗੁਰਦਾਸਪੁਰ ਜ਼ਿਲ੍ਹੇ 'ਚ 4 ਆਮ ਆਦਮੀ ਕਲੀਨਿਕ ਪਹਿਲਾਂ ਹੀ ਚੱਲ ਰਹੇ ਹਨ। ਇਸ ਤੋਂ ਇਲਾਵਾ 2 ਹੋਰ ਨਵੇਂ ਮੁਹੱਲਾ ਕਲੀਨਿਕ ਤਿਆਰ ਹੋ ਚੁੱਕੇ ਹਨ ਅਤੇ 3 ਪਾਈਪਲਾਈਨ 'ਚ ਹਨ। ਇਸ ਮਗਰੋਂ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ 'ਚ ਕੋਈ ਵੀ ਮੈਡੀਕਲ ਸਹੂਲਤ ਨਹੀਂ ਹੈ ਅਤੇ ਲੋਕਾਂ ਨੂੰ ਅਕਸਰ ਅੰਮ੍ਰਿਤਸਰ ਜਾਂ ਜਲੰਧਰ ਵਿਖੇ ਰੈਫ਼ਰ ਕਰ ਦਿਤਾ ਜਾਂਦਾ ਹੈ। ਇਸ ਦਾ ਜਵਾਬ ਦਿੰਦਿਆਂ ਬਲਬੀਰ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਵੀ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

ਸਿਹਤ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਤੇ ਕੱਸਿਆ ਤੰਜ਼

ਡਾ. ਬਲਬੀਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਤੰਜ਼ ਕੱਸਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੀ ਜ਼ਿਆਦਾਤਰ ਚੰਡੀਗੜ੍ਹ ਰਹਿੰਦੇ ਹਨ ਅਤੇ ਅਪਣੇ ਹਲਕੇ 'ਚ ਜਾਂਦੇ ਹੀ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਅਪਣੇ ਹਲਕੇ 'ਚ ਖੁੱਲ੍ਹੇ ਮੁਹੱਲਾ ਕਲੀਨਿਕਾਂ ਦਾ ਅਜੇ ਤਕ ਪਤਾ ਹੀ ਨਹੀਂ ਹੈ। ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਮੇਰੇ ਨਾਲ ਚੱਲੋ ਅਤੇ ਮੈਨੂੰ ਦਿਖਾਓ ਕਿ ਕਿਥੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਸਿਹਤ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਉਹ ਉਨ੍ਹਾਂ ਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ 'ਚ ਜਾਣਗੇ ਅਤੇ ਖ਼ੁਦ ਉਨ੍ਹਾਂ ਨੂੰ ਮੁਹੱਲਾ ਕਲੀਨਿਕ ਲੈ ਕੇ ਜਾਣਗੇ।

ਸਰਦ ਰੁੱਤ ਇਜਲਾਸ ਦੌਰਾਨ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਚਿੰਤਾ ਪ੍ਰਗਟਾਈ। ਵਿਧਾਇਕ ਸੁੱਖੀ ਨੇ ਕਿਹਾ ਕਿ ਕਰੀਬ 7 ਮਹੀਨੇ ਪਹਿਲਾਂ ਪੰਜਾਬ ਦੀ ਜੇਲ ਤੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪ੍ਰਸਾਰਿਤ ਹੋਇਆ ਸੀ ਪਰ ਅੱਜ ਤਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਇੰਟਰਵਿਊ ਕਿਥੇ ਹੋਇਆ ਸੀ।

ਸਦਨ ਦੇ ਪਹਿਲੇ ਦਿਨ ਪੰਜਾਬ ਸਰਕਾਰ ਨੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ 2023 ਅਤੇ ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2023 ਨੂੰ ਪਾਸ ਕਰ ਦਿਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪਿਛਲੇ ਮਹੀਨੇ ਸੱਦੇ ਗਏ ਸੈਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦਿਤੇ ਜਾਣ ਤੋਂ ਬਾਅਦ ਇਹ ਬਿੱਲ ਪੇਸ਼ ਨਹੀਂ ਹੋ ਸਕੇ ਸਨ।

(For more news apart from Punjab Vidhan Sabha Winter Session second day news , stay tuned to Rozana Spokesman)