ਵੱਡਾ ਖ਼ੁਲਾਸਾ : RS Bains ਦੇ ਹੱਥ ਨਹੀਂ ਰਹੀ ਬੇਅਦਬੀ ਪਿੱਛੋਂ ਹੋਏ ਗੋਲੀਕਾਂਡ ਦੇ ਕੇਸਾਂ ਦੀ ਕਮਾਂਡ!
1 ਅਕਤੂਬਰ 2021 ਨੂੰ ਮਿਲੀ ਜ਼ਿੰਮੇਵਾਰੀ ਤੇ 29 ਅਕਤੂਬਰ ਨੂੰ ਲੈ ਲਈਆਂ ਫਾਈਲਾਂ ਵਾਪਸ: ਬੈਂਸ
ਕੀ ਹੋਵੇਗਾ ਬੇਅਦਬੀ ਮਾਮਲਿਆਂ ਦਾ ਹੱਲ ਜਾਂ ਬੱਚਦੇ ਰਹਿਣਗੇ ਦੋਸ਼ੀ?
ਚੰਡੀਗੜ੍ਹ : ਪੰਜਾਬ ਦੇ ਮੁਤੱਲਕ ਬਹੁਤ ਸਾਰੇ ਮਸਲੇ ਗੰਭੀਰ ਹਨ ਪਰ ਬੇਅਦਬੀ ਦਾ ਮਸਲਾ ਇੰਨਾ ਜ਼ਿਆਦਾ ਗੰਭੀਰ ਹੈ ਕਿ ਇਸ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਅਕਤੂਬਰ ਮਹੀਨੇ ਵਿਚ ਅਸੀਂ ਆਸਵੰਦ ਹੋਏ ਸੀ ਕਿ ਇਹ ਕੇਸ ਦੇ ਵਿਚ ਸਰਕਾਰ ਨੇ ਆਰ.ਐੱਸ. ਬੈਂਸ ਨੂੰ ਇਸ ਮਾਮਲੇ ਦੀ ਕਮਾਨ ਦੇ ਕੇ ਇਹ ਕੋਸ਼ਿਸ਼ ਕੀਤੀ ਕਿ ਇਸ ਦੀ ਜਾਂਚ ਹੋਵੇ ਅਤੇ ਮਸਲਾ ਸੁਲਝਾਇਆ ਜਾ ਸਕੇ। ਪਰ ਅਜੇ ਤੱਕ ਕੋਈ ਨਤੀਜਾ ਨਾ ਨਿਕਲ ਸਕਿਆ।
ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਸਪੋਕੇਸਮੈਨ ਵਲੋਂ ਪ੍ਰੋਗਰਾਮ ਮਸਲਾ ਪੰਜਾਬ ਦਾ ਵਿਚ ਵਕੀਲ ਆਰ.ਐੱਸ.ਬੈਂਸ ਨਾਲ ਗਲਬਾਤ ਕੀਤੀ ਗਈ। ਬੇਅਦਬੀ ਮਾਮਲੇ ਦੀ ਜਾਂਚ ਵਿਚ ਰੁਕਾਵਟ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬੈਂਸ ਨੇ ਕਿਹਾ ਕਿ 1 ਅਕਤੂਬਰ 2021 ਵਿਚ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਉਨ੍ਹਾਂ ਚਾਰ ਐਫ.ਆਈ.ਆਰ. ਵਿਚ ਜਿਥੇ ਪ੍ਰਦਰਸ਼ਨਕਾਰੀਆਂ 'ਤੇ ਚੱਲੀ ਗੋਲੀ ਦੌਰਾਨ ਕਈ ਜ਼ਖ਼ਮੀ ਹੋਏ ਸਨ ਅਤੇ ਦੋ ਦੀ ਜਾਨ ਚਲ ਗਈ ਸੀ 29 ਅਕਤੂਬਰ 2021 ਵਿਚ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਪੇਸ਼ ਹੋਈ ਸੀ ਜੋ ਕਿ ਇੱਕ ਪੁਲਿਸ ਅਫਸਰ ਅਮਰਜੀਤ ਸਿੰਘ ਵਲੋਂ ਪਾਈ ਗਈ ਸੀ।
ਇਸ ਵਿਚ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਨੋਟੀਫਿਕੇਸ਼ਨ ਤਹਿਤ ਆਰ.ਐਸ.ਬੈਂਸ ਨੂੰ ਟਰਾਇਲ ਕੋਰਟ ਵਿਚ ਪੇਸ਼ ਨਹੀਂ ਕਰਾਂਗੇ।ਜਿਸ ਤੋਂ ਬਾਅਦ ਮੈਂ ਟਰਾਇਲ ਕੋਰਟ ਨਹੀਂ ਜਾ ਸਕਿਆ ਜਿਥੇ (ਫਰੀਦਕੋਟ) ਇਹ ਕੇਸ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਥੇ ਚਲਾਨ ਪੇਸ਼ ਹੋ ਚੁੱਕਾ ਹੈ ਅਤੇ ਚਾਰਜ ਲੱਗਣੇ ਸਨ।
ਬੈਂਸ ਨੇ ਦੱਸਿਆ ਕਿ ਇਸ ਤੋਂ ਬਾਅਦ ਇਸ ਮਾਮਲੇ ਵਿਚ ਤਿੰਨ ਤਰੀਕਾਂ , 23 ਨਵੰਬਰ, 17 ਦਸੰਬਰ ਅਤੇ 11 ਮਾਰਚ ਪੈ ਚੁੱਕੀਆਂ ਹਨ। 11 ਮਾਰਚ ਇਸ ਮਾਮਲੇ ਦੀ ਅਗਲੀ ਤਰੀਕ ਹੈ ਪਰ ਇਸ ਵਿਚ ਕੋਈ ਵੀ ਪ੍ਰਭਾਵੀ ਤੌਰ 'ਤੇ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਤਕਨੀਕੀ ਤੌਰ 'ਤੇ ਉਹ ਹਾਈ ਕੋਰਟ ਤਕ ਪਹੁੰਚ ਕਰ ਸਕਦੇ ਸਨ ਪਰ ਹਾਈ ਕੋਰਟ ਵਲੋਂ ਸੁਮੇਧ ਸਿੰਘ ਸੈਣੀ ਮਾਮਲੇ ਵਿਚ ਉਨ੍ਹਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਸੀ।
ਹਾਈ ਕੋਰਟ ਨੇ 10 ਸਤੰਬਰ ਨੂੰ ਨਿਰਦੇਸ਼ ਦਿਤੇ ਸਨ ਕਿ ਆਉਣ ਵਾਲਿਆਂ ਚੋਣਾਂ ਤੱਕ ਉਨ੍ਹਾਂ ਵਿਰੁੱਧ ਕੋਈ ਵੀ ਜਾਂਚ ਦੀ ਕਾਰਵਾਈ ਅੱਗੇ ਨਹੀਂ ਵਧਾਈ ਜਾ ਸਕਦੀ, ਜੋ ਕਿ ਹਰ ਇੱਕ ਮਾਮਲੇ ਲਈ ਵੱਡਾ ਰੋੜਾ ਸਾਬਤ ਹੋਈ। ਬੈਂਸ ਨੇ ਦੱਸਿਆ ਕਿ ਅਕਤੂਬਰ ਵਿਚ ਉਨ੍ਹਾਂ ਨੇ ਸਰਕਾਰ ਨੂੰ ਮਸ਼ਵਰਾ ਦਿਤਾ ਸੀ ਕਿ ਮੌਜੂਦਾ ਜਾਣਕਾਰੀ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਕਰਨ ਦੀ ਇਜਾਜ਼ਤ ਮੰਗੀ ਜਾਵੇ ਜਾਂ ਉਨ੍ਹਾਂ ਹੁਕਮਾਂ ਦੇ ਵਿਰੁੱਧ ਸੁਪ੍ਰੀਮ ਕੋਰਟ ਤਕ ਪਹੁੰਚ ਕੀਤੀ ਜਾਵੇ। ਇਸ ਨੂੰ ਤਕਰੀਬਨ ਦੋ ਮਹੀਨੇ ਹੋ ਚੁੱਕੇ ਹਨ ਪਰ ਅਜੇ ਤਕ ਕੋਈ ਵੀ ਜਾਣਕਾਰੀ ਨਹੀਂ ਹੈ।
ਬੈਂਸ ਨੇ ਕਿਹਾ ਕਿ ਉਹ ਇਸ ਗੱਲ ਤੋਂ ਖਫ਼ਾ ਹਨ ਕਿ ਸਰਕਾਰ ਨੇ ਜੋ ਜ਼ਿਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ ਉਸ ਤਹਿਤ ਉਨ੍ਹਾਂ ਦਾ ਮਸ਼ਵਰਾ ਵੀ ਮੰਨਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਵਿਚ ਮੈਨੂੰ ਪੂਰੀ ਤਰ੍ਹਾਂ ਅਣਦੇਖਿਆਂ ਕੀਤਾ ਗਿਆ ਹੈ। ਬੈਂਸ ਨੇ ਦੱਸਿਆ ਕਿ ਨੋਟੀਫਿਕੇਸ਼ਨ ਤਹਿਤ ਸੁਮੇਧ ਸਿੰਘ ਸੈਣੀ ਦੇ ਕੇਸ ਵਿਚ ਮੈਨੂੰ ਹੀ ਪੇਸ਼ ਹੋਣਾ ਚਾਹੀਦਾ ਸੀ ਪਰ ਸੁਣਵਾਈ ਦੀ ਤਰੀਕ ਵੇਲੇ ਮੇਰੇ ਤੋਂ ਉਹ ਫਾਈਲ ਵੀ ਲੈ ਲਈ ਗਈ ਅਤੇ ਇਸ ਮਾਮਲੇ ਦੀ ਤਰੀਕ ਵੀ ਹੋਰ ਅੱਗੇ ਵਧਾ ਦਿਤੀ ਗਈ ਜੋ ਕਿ ਮੇਰੀ ਸਮਝ ਤੋਂ ਬਾਹਰ ਹੈ। ਬੈਂਸ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਮਾਮਲੇ ਨੂੰ ਸਮਝਣ ਲਈ ਸਿਰਫ਼ 1 ਤੋਂ 29 ਅਕਤੂਬਰ ਤਕ ਦਾ ਸਮਾਂ ਸੀ ਉਸ ਤੋਂ ਬਾਅਦ SIT ਨਾਲ ਉਨ੍ਹਾਂ ਦਾ ਕੋਈ ਰਾਬਤਾ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜ਼ੋਰਾ ਸਿੰਘ ਤੋਂ ਬਾਅਦ ਜਿਹੜਾ ਰਣਜੀਤ ਸਿੰਘ ਕਮਿਸ਼ਨ ਬਣਿਆ ਸੀ ਉਸ ਨੇ ਕਾਫੀ ਸਬੂਤ ਵੀ ਇਕੱਠੇ ਕਰ ਲਏ ਸਨ। ਉਸ ਤੋਂ ਇਹ ਖਦਸ਼ਾ ਵੀ ਜਾਹਰ ਹੁੰਦਾ ਹੈ ਕਿ ਇਹ ਸਿਰਫ਼ SSP ਪੱਧਰ ਦਾ ਕੰਮ ਨਹੀਂ ਸੀ ਕਿਉਂਕਿ ਉਮਰਾਨੰਗਲ ਲੁਧਿਆਣਾ ਤੋਂ ਬਹੁਤ ਵੱਡੀ ਫ਼ੋਰਸ ਲਏ ਆਏ ਸਨ ਅਤੇ ਸਥਾਨਕ ਮੁਲਾਜ਼ਮਾਂ ਨੂੰ ਇਕ ਪਾਸੇ ਕਰ ਦਿਤਾ ਗਿਆ ਸੀ।
ਇਸ ਦੌਰਾਨ ਪਹਿਲਾਂ ਇਕ ਜਗ੍ਹਾ ਅਤੇ ਫਿਰ ਦੂਜੀ ਜਗ੍ਹਾ 'ਤੇ ਗੋਲੀਬਾਰੀ ਹੋਈ ਸੀ। ਇਹ ਸਾਰੀਆਂ ਚੀਜ਼ਾਂ ਸਾਫ ਸਨ ਅਤੇ ਇਨ੍ਹਾਂ ਦੇ ਸਬੂਤ ਵੀ ਮੌਜੂਦ ਸਨ ਪਰ ਜਿਹੜੀ ਜਾਂਚ ਅਸੀਂ ਕਰਨੀ ਸੀ ਉਹ ਸੀ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ DGP ਦੀ ਸ਼ਮੂਲੀਅਤ ਬਾਰੇ ਪਤਾ ਲਗਾਉਣਾ।
ਬੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜਿਨ੍ਹਾਂ ਸਰਕਾਰ ਨੇ ਲੋਕਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਕੋਲ ਸਬੂਤ ਹਨ ਨਤੀਜਨ ਟਰਾਇਲ ਦਾ ਸਮਾਂ ਹੋਰ ਵੱਧ ਗਿਆ। ਜਿਨ੍ਹਾਂ ਨੂੰ ਉਸ ਵਕਤ ਸਜ਼ਾ ਮਿਲਣੀ ਚਾਹੀਦੀ ਸੀ ਉਨ੍ਹਾਂ ਨੂੰ ਵੀ ਸਜ਼ਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਹੋਸ ਸਬੂਤ ਲੱਭਣ ਦੇ ਚੱਕਰ ਵਿਚ ਅਸਲ ਮੁਲਜ਼ਮ ਜਿਨ੍ਹਾਂ ਵਿਰੁੱਧ ਸਬੂਤ ਵੀ ਮੌਜੂਦ ਸਨ ਉਹ ਵੀ ਬਚ ਗਏ।
ਇੱਕ ਸਵਾਲ ਦੇ ਜਵਾਬ ਵਿਚ ਬੈਂਸ ਨੇ ਦੱਸਿਆ ਕਿ ਬਹੁ ਮੈਂਬਰੀ ਕਮੇਟੀਆਂ ਦੀ ਕਾਰਵਾਈ ਹਮੇਸ਼ਾਂ ਹੀ ਹੌਲੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਵਲੋਂ ਤਿਆਰ ਕੀਤੀ ਰਿਪੋਰਟ ਵਿਚ ਜੋ ਵੀ ਉਨ੍ਹਾਂ ਨੇ ਹਦਾਇਤਾਂ ਦਿਤੀਆਂ ਸਨ ਉਹ ਸਿਫ਼ਰ ਜਾਂਚ ਲਈ ਪਹਿਲੂ ਰੱਖੇ ਸਨ ਤਾਂ ਜੋ ਉਨ੍ਹਾਂ ਬਾਬਤ ਪੁਖਤਾ ਸਬੂਤ ਇਕੱਠੇ ਕੀਤੇ ਜਾ ਸਕਣ। ਪਰ ਅਫਸੋਸ ਦੀ ਗੱਲ ਹੈ ਕਿ ਉਹ ਜਾਂਚ ਹੀ ਮੁਕੰਮਲ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਹ ਸਭ ਸਰਕਾਰਾਂ 'ਤੇ ਨਿਰਭਰ ਕਰਦਾ ਹੈ ਕਿ ਮਾਮਲੇ ਦੀ ਜਾਂਚ ਨੂੰ ਤੇਜ਼ ਕਰਨਾ ਹੈ ਜਾਂ ਹੌਲੀ। ਜਾਂਚ ਅਧਿਕਾਰੀ ਸਰਕਾਰ ਵਲੋਂ ਦਿਤੀਆਂ ਹਦਾਇਤਾਂ ਨੂੰ ਹੀ ਮੰਨਦੇ ਹਨ।
ਬੈਂਸ ਨੇ ਅੱਗੇ ਕਿਹਾ ਕਿ ਸੁਮੇਧ ਸਿੰਘ ਸੈਣੀ ਸਿਆਸਤਦਾਨਾਂ ਅਤੇ ਮੌਕੇ ਦੇ ਪ੍ਰਸ਼ਾਸਨ ਵਿਚ ਮੁੱਖ ਕੜੀ ਹਨ ਪਰ ਜਦੋਂ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੇ ਅਤੇ ਨਾ ਹੀ ਪੁੱਛਗਿੱਛ ਕਰ ਸਕਦੇ ਹਾਂ ਉਦੋਂ ਤਕ ਇਸ ਮਾਮਲੇ ਦੀ ਜਾਂਚ ਪੂਰੀ ਨਹੀਂ ਹੋ ਸਕਦੀ। ਸਰਕਾਰ ਦੀ ਕਾਰਗੁਜ਼ਾਰੀ 'ਤੇ ਬੋਲਦਿਆਂ ਬੈਂਸ ਨੇ ਕਿਹਾ ਕਿ ਮੌਜੂਦਾ ਸਰਕਾਰ ਭਾਵੇਂ ਜੋਸ਼ ਨਾਲ ਕੰਮ ਕਰ ਰਹੀ ਹੈ ਪਰ ਇਸ ਤੋਂ ਪਹਿਲਾਂ ਸਾਢੇ ਚਾਰ ਸਾਲ ਤਾਂ ਕੋਈ ਵੀ ਕੰਮ ਨਹੀਂ ਕਰਵਾਇਆ ਜਾ ਸਕਿਆ।