ਬੀਰ ਦਵਿੰਦਰ ਸਿੰਘ ਨੇ ਢੀਂਡਸਾ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਦਿਤਾ ਅਸਤੀਫ਼ਾ
ਬੀਰ ਦਵਿੰਦਰ ਸਿੰਘ ਨੇ ਢੀਂਡਸਾ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਦਿਤਾ ਅਸਤੀਫ਼ਾ
ਐਸ. ਏ.ਐਸ ਨਗਰ, 28 ਦਸੰਬਰ (ਸੁਖਦੀਪ ਸਿੰਘ ਸੋਈਂ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅੱਜ ਅਪਣੀ ਚੁੱਪੀ ਤੋੜਦਿਆਂ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ, ਇਨ੍ਹਾਂ ਦੋਵਾਂ ਚੌਧਰੀਆਂ ਨੇ ਭਾਜਪਾ ਅਤੇ ਬਾਦਲ ਟੱਬਰ ਦੇ ਅਕਾਲੀ ਦਲ ਕੋਲ ਪੰਥ ਅਤੇ ਪੰਜਾਬ ਨੂੰ ਵੇਚ ਦਿਤਾ ਹੈ। ਇਸ ਲਈ ਹੁਣ ਉਨ੍ਹਾਂ ਦਾ ਉਥੇ ਅਕਾਲੀ ਦਲ (ਸੰਯੁਕਤ) ਵਿਚ ਬੈਠੇ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ।
ਅੱਜ ਇਥੇ ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਜਿਥੇ ਢੀਂਡਸਾ ਅਤੇ ਬ੍ਰਹਮਪੁਰਾ ਨੇ ਪੰਜਾਬ, ਪੰਜਾਬੀਅਤ ਅਤੇ ਪੰਥ ਨਾਲ ਵਿਸ਼ਵਾਸਘਾਤ ਕੀਤਾ ਹੈ, ਉਥੇ ਕਿਸਾਨ ਜਥੇਬੰਦੀਆਂ ਦੇ ਚੌਧਰੀ ਬਣੇ ਆਗੂਆਂ ਨੇ ਵੀ ਪੰਜਾਬ ਦੇ ਲੋਕਾਂ ਨਾਲ ਸਿਰੇ ਦਾ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਕਿਸਾਨ ਅੰਦੋਲਨ ਚਲਦਾ ਰਿਹਾ। ਉਨ੍ਹਾਂ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਅਤੇ ਕਿਸਾਨਾਂ ਨੂੰ ਤਕੜਾ ਕਰਨ ਲਈ ਉਨ੍ਹਾਂ ਦੀ ਮਦਦ ਕੀਤੀ ਗਈ। ਉਦੋਂ ਕਿਸਾਨ ਜਥੇਬੰਦੀਆਂ ਨੇ ‘ਸਾਡੇ ਮੰਚ ’ਤੇ ਨਾ ਚੜਿਉ’ ਕਹਿ ਕੇ ਕਿਸੇ ਵੀ ਸਿਆਸੀ ਆਗੂ ਨੂੰ ਮੰਚ ’ਤੇ ਬੋਲਣ ਤਕ ਨਹੀਂ ਸੀ ਦਿਤਾ ਅਤੇ ਆਖਦੇ ਸੀ ਕਿ ਸਾਡਾ ਅੰਦੋਲਨ ਸਿਆਸੀ ਨਹੀਂ ਹੈ। ਇਸ ਲਈ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਦੁਨੀਆ ਭਰ ਵਿਚ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਡਟਵੀਂ ਮਦਦ ਕੀਤੀ ਜਾਵੇ। ਉਨ੍ਹਾਂ ਪੱਲਾ ਅੱਡ ਕੇ ਇਹ ਅਪੀਲ ਕੀਤੀ ਕਿ ਪੰਜਾਬ ਦੀ ਅਤੇ ਕਿਸਾਨ ਦੀ ਇੱਜ਼ਤ ਦਾ ਸਵਾਲ ਹੈ ਅਤੇ ਕਿਸਾਨੀ ਦੇ ਬੁਨਿਆਦੀ ਧੰਦੇ ਨੂੰ ਬਚਾਉਣ ਦਾ ਸਵਾਲ ਹੈ ਅਤੇ ਸਿੱਖ ਕਦਰਾਂ-ਕੀਮਤਾਂ ਅਤੇ ਖ਼ਾਲਸਾ ਪੰਥ ਦੀਆਂ ਸ਼ਾਨਦਾਰ ਰਵਾਇਤਾਂ ਦਾ ਸਵਾਲ ਹੈ, ਪ੍ਰੰਤੂ ਹੁਣ ਇਨ੍ਹਾਂ (ਕਿਸਾਨ ਜਥੇਬੰਦੀਆਂ) ਨੇ ਖ਼ੁਦ ਹੀ ਕੁਰਬਾਨੀ ਦੀ ਭਾਵਨਾ ਸੱਚ ਪਿੱਠ ਦੇ ਕੇ ਸਾਰਾ ਕੁੱਝ ਮਲੀਆਮੇਟ ਕਰ ਕੇ ਰੱਖ ਦਿਤਾ ਹੈ।