ਮੈਂ ਲੋਕਾਂ ਦੀ ਸੇਵਾ ਲਈ ਸਿਆਸਤ 'ਚ ਹਾਂ, ਭਾਵੇਂ ਮੈਨੂੰ ਬੱਸ ਹੀ ਕਿਉਂ ਨਾ ਚਲਾਉਣੀ ਪਵੇ- ਰਾਜਾ ਵੜਿੰਗ
ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਖੁਦ ਚਲਾਈ ਰੋਡਵੇਜ਼ ਦੀ ਬੱਸ
ਚੰਡੀਗੜ੍ਹ (ਅਮਨਪ੍ਰੀਤ ਕੌਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 400 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਫਲੀਟ ਵਿਚ ਪਹਿਲੀ ਦਫ਼ਾ ਇਕ ਵਾਰ `ਚ ਸ਼ਾਮਲ ਕੀਤੀਆਂ ਜਾ ਰਹੀਆਂ ਕੁੱਲ 842 ਆਧੁਨਿਕ ਬੱਸਾਂ ਦੇ ਹਿੱਸੇ ਵਜੋਂ 58 ਨਵੀਆਂ ਬੱਸਾਂ ਨੂੰ ਫਲੀਟ ਵਿਚ ਸ਼ਾਮਲ ਕੀਤਾ ਅਤੇ ਖੁਦ ਬੱਸ ਚਲਾ ਕੇ ਇਹਨਾਂ ਨਵੀਆਂ ਬੱਸਾਂ ਦੇ ਕਾਫ਼ਲੇ ਨੂੰ ਰਵਾਨਾ ਕੀਤਾ। ਇਸ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਰੋਡਵੇਜ਼ ਬੱਸ ਚਲਾਈ। ਉਹਨਾਂ ਕਿਹਾ ਕਿ ਮੈਂ ਸਿਆਸਤ ਵਿਚ ਲੋਕਾਂ ਦੀ ਸੇਵਾ ਲਈ ਆਇਆ ਹਾਂ, ਇਸ ਦੌਰਾਨ ਜੇ ਉਹਨਾਂ ਨੂੰ ਬੱਸ ਚਲਾਉਣੀ ਪਈ ਤਾਂ ਉਹ ਚਲਾਉਣਗੇ। ਉਹਨਾਂ ਕਿਹਾ ਕਿ ਮੈਂ ਤਾਂ ਜਹਾਜ਼ ਵੀ ਚਲਾ ਸਕਦਾ ਹਾਂ।
ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਿਆਸੀ ਪਾਰਟੀਆਂ ਕਹਿੰਦੀਆਂ ਸਨ ਕਿ ਨਵੀਆਂ ਬੱਸਾਂ ਨਹੀਂ ਆ ਸਕਦੀਆਂ ਪਰ ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਰਾਜਾ ਵੜਿੰਗ ਨੇ ਕਿਹਾ ਕਿ ਢਾਈ ਮਹੀਨਿਆਂ ਵਿਚ ਉਹਨਾਂ ਨੇ ਨਾ ਸਿਰਫ ਮਾਫੀਆ ਖਤਮ ਕੀਤਾ ਤੇ ਨਾ ਸਿਰਫ ਟਾਈਮ ਟੇਬਲ ਬਣਾਇਆ ਸਗੋਂ ਰੋਡਵੇਜ਼ ਦੇ ਬੇੜੇ ਵਿਚ 842 ਬੱਸਾਂ ਨੂੰ ਸ਼ਾਮਲ ਵੀ ਕੀਤਾ। ਇਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ। ਰਾਜਾ ਵੜਿੰਗ ਨੇ ਦੱਸਿਆ ਕਿ ਸਰਕਾਰ ਨੇ ਇਕ ਨਵਾਂ ਫੈਸਲਾ ਲਿਆ ਹੈ, ਜਿਸ ਦੇ ਤਹਿਤ ਹੁਣ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਬੱਸ ਪਾਸ ਬਣਵਾ ਸਕਦੇ ਹਨ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਉਹਨਾਂ ਨੂੰ ਜਿਸ ਕੁਰਸੀ ਉੱਤੇ ਬਿਠਾਇਆ ਹੈ, ਉਹ ਉਸ ਨਾਲ ਨਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜੇ ਉਹਨਾਂ ਨੇ ਪੰਜਾਬ ਲਈ ਹੋਰ ਵੀ ਬਹੁਤ ਕੰਮ ਕਰਨੇ ਹਨ, ਜਿਨ੍ਹਾਂ ਵਿਚ ਸਭ ਤੋਂ ਜ਼ਰੂਰੀ ਕੰਮ ਅਰਵਿੰਦ ਕੇਜਰੀਵਾਲ ਤੋਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦੀ ਮਨਜ਼ੂਰੀ ਲੈਣਾ ਹੈ। ਉਹਨਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਕਿਹਾ ਸੀ ਉਹ ਉਹਨਾਂ ਨੂੰ ਮੁਲਾਕਾਤ ਲਈ ਸੱਦਾ ਦੇਣਗੇ ਪਰ ਫਿਲਹਾਲ ਉਹਨਾਂ ਵਲੋਂ ਕੋਈ ਸੱਦਾ ਨਹੀਂ ਆਇਆ ਹੈ।