ਸੁਰਜੀਤ ਜਿਆਣੀ ਦਾ ਬਿਆਨ, “ਪ੍ਰਧਾਨ ਮੰਤਰੀ ਮੋਦੀ ਦੀ ਪਟਾਰੀ ‘ਚ ਪੰਜਾਬੀਆਂ ਲਈ ਬਹੁਤ ਕੁਝ”
ਉਹਨਾਂ ਕਿਹਾ ਕਿ ਜਦੋਂ ਅਸੀਂ ਕਹਿੰਦੇ ਸੀ ਕਿ ਭਾਜਪਾ ਪੰਜਾਬ ਵਿਚ ਸਰਕਾਰ ਬਣਾਏਗੀ ਤਾਂ ਲੋਕ ਸਾਡਾ ਮਜ਼ਾਕ ਉਡਾਉਂਦੇ ਸੀ
ਫਰੀਦਕੋਟ(ਸੁਖਜਿੰਦਰ ਸਹੋਤਾ) : ਪੰਜਾਬ ਭਾਜਪਾ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਾਰੀ ਵਿਚ ਪੰਜਾਬੀਆਂ ਲਈ ਬਹੁਤ ਕੁਝ ਖ਼ਾਸ ਹੋਵੇਗਾ। ਉਹਨਾਂ ਕਿਹਾ ਕਿ ਜਦੋਂ ਅਸੀਂ ਕਹਿੰਦੇ ਸੀ ਕਿ ਭਾਜਪਾ ਪੰਜਾਬ ਵਿਚ ਸਰਕਾਰ ਬਣਾਏਗੀ ਤਾਂ ਲੋਕ ਸਾਡਾ ਮਜ਼ਾਕ ਉਡਾਉਂਦੇ ਸੀ ਪਰ ਅਸੀਂ ਕਿਹਾ ਸੀ ਵਕਤ ਆਉਣ ’ਤੇ ਦੱਸਾਂਗੇ।
ਉਹਨਾਂ ਕਿਹਾ ਕਿ ਅੱਜ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਕਈ ਸੀਨੀਅਰ ਆਗੂ ਅਤੇ ਦੇਸ਼ ਭਗਤ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ।ਉਹਨਾਂ ਦੱਸਿਆ ਕਿ ਗਠਜੋੜ ਦੀਆਂ ਸੀਟਾਂ ਬਾਰੇ ਚਰਚਾ ਲਈ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿਚ 2 ਮੈਂਬਰ ਭਾਜਪਾ ਤੋਂ, 2 ਮੈਂਬਰ ਪੰਜਾਬ ਲੋਕ ਕਾਂਗਰਸ ਅਤੇ 2 ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵਿਚੋਂ ਹਨ।
ਉਹਨਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਖਤਮ ਹੋ ਚੁੱਕੀ ਹੈ, ਇਸ ਲਈ ਲੋਕ ਭਾਜਪਾ ਨੂੰ ਸਮਰਥਨ ਜ਼ਰੂਰ ਦੇਣਗੇ। ਉਹਨਾਂ ਦਾਅਵਾ ਕੀਤਾ ਕਿ 2022 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ। ਕਿਸਾਨਾਂ ਵਲੋਂ ਚੋਣਾਂ ਲੜਨ ਸਬੰਧੀ ਭਾਜਪਾ ਆਗੂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਕਿਸਾਨ ਰਾਜਨੀਤੀ ਵਿਚ ਆਉਣਾ ਚਾਹੁੰਦੇ ਹਨ ਪਰ ਅੱਜ ਬਿੱਲੀ ਥੈਲਿਓਂ ਬਾਹਰ ਆ ਗਈ ਹੈ।
ਉਹਨਾਂ ਕਿਹਾ ਕਿ ਸਾਨੂੰ ਕਿਸਾਨਾਂ ਦੀ ਪਾਰਟੀ ਤੋਂ ਕੋਈ ਖਤਰਾ ਨਹੀਂ ਹੈ। ਖੇਤੀ ਕਾਨੂੰਨਾਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਖੇਤੀ ਕਾਨੂੰਨ, ਕਾਨੂੰਨ ਨਹੀਂ ਸਨ ਉਹ ਤਾਂ ਕਿਸਾਨਾਂ ਲਈ ਸੁਵਿਧਾ ਸੀ। ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਹਨਾਂ ਕਿਹਾ ਕਿ ਇਹ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਝੂਠੇ ਲੌਲੀਪਾਪ ਦੇ ਰਹੇ ਹਨ।