ਝਾਕੀ ਵਾਲੇ ਬਿਆਨ 'ਤੇ CM ਦਾ ਸੁਨੀਲ ਜਾਖੜ ਨੂੰ ਚੈਲੰਜ, ''ਸਬੂਤ ਲਿਆਓ ਮੈਂ ਸਿਆਸਤ ਛੱਡ ਦੇਵਾਂਗਾ''

ਏਜੰਸੀ

ਖ਼ਬਰਾਂ, ਪੰਜਾਬ

ਜਾਖੜ ਸਾਬ੍ਹ ਇਹ ਸਾਬਤ ਕਰ ਦੇਣ ਕਿ ਝਾਕੀ ’ਤੇ ਸਾਡੀ ਤਸਵੀਰ ਸੀ, ਤਾਂ ਮੈਂ ਸਿਆਸਤ ਛੱਡ ਦੇਵਾਂਗਾ

Cm Bhagwant Mann, Sunil Kumar Jakhar

 

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਉਹਨਾਂ ਦੇ ਝਾਕੀ ਵਾਲੇ ਬਿਆਨ ’ਤੇ ਚੈਲੰਜ ਕੀਤਾ ਹੈ। ਮੁੱਖ ਮੰਤਰੀ ਨੇ ਚੈਲੰਜ ਕਰਦੇ ਹੋਏ ਕਿਹਾ ਕਿ ਜਾਖੜ ਸਾਬ੍ਹ ਕਹਿ ਰਹੇ ਹਨ ਕਿ ਕੇਂਦਰ ਨੇ 26 ਜਨਵਰੀ ਦੇ ਪ੍ਰੋਗਰਾਮ ਵਿਚ ਪੰਜਾਬ ਦੀ ਝਾਕੀ ਇਸ ਲਈ ਸ਼ਾਮਲ ਨਹੀਂ ਕੀਤੀ ਕਿਉਂਕਿ ਝਾਕੀ ’ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਸੀ।

ਜਾਖੜ ਸਾਬ੍ਹ ਇਹ ਸਾਬਤ ਕਰ ਦੇਣ ਕਿ ਝਾਕੀ ’ਤੇ ਸਾਡੀ ਤਸਵੀਰ ਸੀ, ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਮੁੱਖ ਮੰਤਰੀ ਨੇ ਕਿਹਾ ਕਿ ਝਾਕੀ ’ਤੇ ਸਾਡੀ ਤਸਵੀਰ ਕਿਵੇਂ ਲੱਗ ਸਕਦੀ ਹੈ, ਜਾਖੜ ਸਾਹਿਬ ਨਵੇਂ-ਨਵੇਂ ਭਾਜਪਾ ਵਿਚ ਗਏ ਹਨ ਅਜੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਝੂਠ ਬੋਲਣਾ ਨਹੀਂ ਆਉਂਦਾ ਹੈ, ਇਸ ਲਈ ਇਹ ਬਿਆਨ ਦਿੰਦਿਆਂ ਉਨ੍ਹਾਂ ਦੇ ਬੁੱਲ੍ਹ ਕੰਬ ਰਹੇ ਸਨ। ਇਹ ਕੰਮ ਅਸੀਂ ਨਹੀਂ ਕਰ ਸਕਦੇ। ਭਗਤ ਸਿੰਘ ਦੇ ਬਰਾਬਰ ਭਗਵੰਤ ਮਾਨ ਦੀ ਫੋਟੋ ਨਹੀਂ ਲੱਗ ਸਕਦੀ ਹੈ ਕਿਉਂਕਿ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਉਹਨਾਂ ਦੇ ਬਰਾਬਰ ਤਸਵੀਰ ਲਗਾ ਲਵਾਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਡਿਬੇਟ ਵਿਚ ਤਾਂ ਜਾਖੜ ਆਏ ਨਹੀਂ, ਹੁਣ ਬਿਆਨ ਦੇ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੁਨੀਲ ਜਾਖੜ ਕਹਿ ਰਹੇ ਹਨ ਕਿ ਪਹਿਲਾਂ ਵੀ 9 ਵਾਰ ਪੰਜਾਬ ਦੀ ਝਾਕੀ ਨੂੰ 26 ਜਨਵਰੀ ਅਤੇ 15 ਅਗਸਤ ਦੇ ਪ੍ਰੋਗਰਾਮ ਵਿਚ ਨਹੀਂ ਰੱਖਿਆ ਗਿਆ ਸੀ, ਫਿਰ ਇਨ੍ਹਾਂ ਨੇ ਉਸ ਸਮੇਂ ਵਿਰੋਧ ਕਿਉਂ ਨਹੀਂ ਕੀਤਾ।  ਭਗਵੰਤ ਮਾਨ ਨੇ ਕਿਹਾ ਕਿ ਅਸੀਂ 20 ਜਨਵਰੀ ਨੂੰ ਉਹ ਝਾਕੀ ਦਿੱਲੀ ਦੀਆਂ ਸੜਕਾਂ ’ਤੇ ਕੱਢਾਂਗੇ।

ਉਹ ਮਾਈ ਭਾਗੋ, ਭਗਤ ਸਿੰਘ, ਰਾਜ ਗੁਰੂ, ਸੁਖਦੇਵ ਦੀਆਂ ਕੁਰਬਾਨੀਆਂ ਨੂੰ ਸਿੱਜਦਾ ਨਹੀਂ ਕਰਨਾ ਚਾਹੁੰਦੇ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹੀਦਾਂ ਤੋਂ ਵੱਡੇ ਹੋ ਗਏ ਹਨ। ਜਿਹੜਾ ਉਹ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ।  
ਜਿੱਥੋ ਤੱਕ ਸਾਡੀ ਫੋਟੋ ਦਾ ਸਵਲਾ ਹੈ ਤਾਂ ਜਾਖੜ ਸਾਬ੍ਹ ਸਬੂਤ ਲਿਆ ਦੇਣ।