Punjab News: ਮੁਹਾਲੀ ਦੇ ਬਿਲਡਰ ਬਾਜਵਾ ਦੀ 54.16 ਲੱਖ ਦੀ ਜਾਇਦਾਦ ਕੁਰਕ, ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੇ ਕੀਤੀ ਕਾਰਵਾਈ
ਬਾਜਵਾ 'ਤੇ ਧੋਖਾਧੜੀ ਦੇ ਕਈ ਮਾਮਲੇ ਦਰਜ
Punjab News: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੁਹਾਲੀ ਦੇ ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੀ 54.16 ਲੱਖ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਇਹ ਜਾਇਦਾਦ ਈਡੀ ਨੇ ਜ਼ਬਤ ਕਰ ਲਈ ਹੈ। ਇਹ ਕਾਰਵਾਈ ਮੁਹਾਲੀ ਵਿਚ ਧੋਖਾਧੜੀ ਦੇ ਕਈ ਕੇਸ ਦਰਜ ਹੋਣ ਤੋਂ ਬਾਅਦ ਕੀਤੀ ਗਈ ਹੈ। ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ 2002 (ਪੀਐਮਐਲਏ) ਦੇ ਤਹਿਤ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਜਰਨੈਲ ਸਿੰਘ ਬਾਜਵਾ, ਬਾਜਵਾ ਡਿਵੈਲਪਰਜ਼ ਲਿਮਟਿਡ ਦੇ ਮਾਲਕ ਹਨ। ਜਿਸ ਦਾ ਪ੍ਰੋਜੈਕਟ ਖਰੜ, ਮੋਹਾਲੀ ਵਿਖੇ ਸੰਨੀ ਇਨਕਲੇਵ ਦੇ ਨਾਮ ਨਾਲ ਤਿਆਰ ਕੀਤਾ ਗਿਆ ਹੈ।
ਜਰਨੈਲ ਸਿੰਘ ਬਾਜਵਾ 'ਤੇ ਲੋਕਾਂ ਨਾਲ ਧੋਖਾਧੜੀ, ਪਲਾਟ ਦੇ ਨਾਂ 'ਤੇ ਪੈਸੇ ਲੈਣ ਅਤੇ ਵਾਪਸ ਨਾ ਕਰਨ ਵਰਗੇ ਕਈ ਮਾਮਲੇ ਦਰਜ ਹਨ। ਮੁਹਾਲੀ ਪੁਲਿਸ ਨੇ ਇਹ ਕੇਸ ਦਰਜ ਕਰ ਲਏ ਹਨ। ਬਾਅਦ ਵਿਚ ਈਡੀ ਨੇ ਕਾਰਵਾਈ ਕਰਦਿਆਂ ਇਸ ਦੀ ਜਾਂਚ ਕੀਤੀ। ਜਾਂਚ 'ਚ ਸਾਹਮਣੇ ਆਇਆ ਕਿ ਉਸ ਨੇ ਕਰੀਬ 3.17 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਵਿਚ ਭੋਲੇ ਭਾਲੇ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਪਲਾਟ ਨਾ ਦੇਣ ਅਤੇ ਹੋਰ ਲੋਕਾਂ ਨੂੰ ਅਲਾਟ ਕੀਤੇ ਪਲਾਟਾਂ ਦੀ ਰਜਿਸਟਰੀ ਕਰਵਾਉਣ ਵਰਗੇ ਮਾਮਲੇ ਸਾਹਮਣੇ ਆਏ ਸਨ।
ਦੋਸ਼ੀ ਜਰਨੈਲ ਸਿੰਘ ਬਾਜਵਾ ਨੂੰ ਪੰਜਾਬ ਪੁਲਿਸ ਨੇ ਸਤੰਬਰ ਵਿਚ ਧੋਖਾਧੜੀ ਦੇ ਇੱਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਮੁਹਾਲੀ ਪੁਲਿਸ ਦੇ ਐਸ.ਆਈ ਨੇ ਗਾਹਕਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿਚ ਉਸ ਦੇ ਨਾਲ ਉਸ ਦੇ ਪੁੱਤਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। 2022 ਵਿਚ ਵੀ ਪੁਲਿਸ ਨੇ ਉਸਨੂੰ ਇੱਕ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਪਰ ਕੁਝ ਮਹੀਨਿਆਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਜੇਲ੍ਹ ਤੋਂ ਬਾਹਰ ਆ ਗਿਆ।
(For more news apart from Punjab News, stay tuned to Rozana Spokesman)