ਪੰਜਾਬ ‘ਚ 59 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਤੋਂ ਇਲਾਵਾ ਹੁਨਰਮੰਦ ਨੌਜਵਾਨਾਂ ਨੂੰ ਮਿਲੀਆਂ ਹਜ਼ਾਰਾਂ ਨੌਕਰੀਆਂ: ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਮੀ ਕੰਪਨੀਆਂ ਮਾਈਕ੍ਰੋਸਾਫਟ, ਆਈ.ਬੀ.ਐਮ. ਅਤੇ ਨੈੱਸਕਾਮ ਨਾਲ ਕੀਤੀ ਭਾਈਵਾਲੀ

Apart from more than 59 thousand government jobs in Punjab, jobs have been provided to skilled youth: Aman Arora

ਚੰਡੀਗੜ੍ਹ: ਸੂਬੇ ਦੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰੋਜ਼ਗਾਰ ਸਿਰਜਣ ਦੇ ਖੇਤਰ ਵਿੱਚ ਸਾਲ 2025 ਦੌਰਾਨ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਵਿਭਾਗ ਦੀ ਬਹੁ-ਪੱਖੀ ਰਣਨੀਤੀ ਤਹਿਤ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਸਿਰਜੇ ਗਏ ਹਨ, ਜਿਸ ਵਿੱਚ ਅਪ੍ਰੈਲ 2022 ਤੋਂ ਹੁਣ ਤੱਕ 59,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਤਾਂ ਜੋ ਹੁਨਰਮੰਦ ਨੌਜਵਾਨਾਂ ਦੀ ਹਿਜਰਤ ਨੂੰ ਰੋਕਣ ਲਈ ਹੁਨਰ ਵਿਕਾਸ ਪਹਿਲਕਦਮੀਆਂ ਸ਼ਾਮਲ ਹਨ।

ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਯਕੀਨੀ ਬਣਾਉਣ ਲਈ ਵਿਭਾਗ ਦੇ ਠੋਸ ਯਤਨਾਂ ਨੂੰ ਉਜਾਗਰ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਹੁਣ ਤੱਕ 59,702 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਸਾਲ 2025 ਦੌਰਾਨ ਵਿਭਾਗ ਨੇ 959 ਪਲੇਸਮੈਂਟ ਕੈਂਪਾਂ ਰਾਹੀਂ 48,912 ਉਮੀਦਵਾਰਾਂ ਨੂੰ ਨੌਕਰੀਆਂ ਹਾਸਲ ਕਰਨ ਵਿੱਚ ਮਦਦ ਕੀਤੀ ਹੈ। ਲੋਨ ਕੈਂਪਾਂ ਰਾਹੀਂ 10,064 ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਦੇ ਮੌਕੇ ਮਹੁੱਈਆ ਕਰਵਾਏ ਗਏ ਹਨ।

ਰੋਜ਼ਗਾਰ ਉਤਪਤੀ ਮੰਤਰੀ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ) ਨੇ 19,619 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਹੈ, ਜਿਨ੍ਹਾਂ ਦੀ ਪਲੇਸਮੈਂਟ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਪੰਜਾਬ ਨੇ ਆਪਣੀ "ਪੰਜਾਬ ਹੁਨਰ ਵਿਕਾਸ ਯੋਜਨਾ" ਤਿਆਰ ਕੀਤੀ ਹੈ ਅਤੇ ਤਕਨੀਕੀ ਦਿੱਗਜਾਂ ਮਾਈਕ੍ਰੋਸਾਫਟ, ਆਈ.ਬੀ.ਐਮ. ਅਤੇ ਨੈੱਸਕਾਮ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਆਲਮੀ ਅਤੇ ਕਾਰਪੋਰੇਟ ਖੇਤਰ ਵਿੱਚ ਵੱਡੀ ਭੂਮਿਕਾ ਲਈ ਤਿਆਰ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਹੁਣ ਸੂਬੇ ਦੀਆਂ ਸਰਹੱਦਾਂ ਦੇ ਅੰਦਰ ਹੀ ਹੈ, ਇਹ ਕਹਿੰਦਿਆਂ ਸ੍ਰੀ ਅਮਨ ਅਰੋੜਾ ਨੇ ਅੱਗੇ ਦੱਸਿਆ, “ਸਾਡਾ ਡੇਟਾ ਇਸਦਾ ਸਬੂਤ ਹੈ। ਅਸੀਂ ਸਿਰਫ਼ ਨੌਕਰੀਆਂ ਦਾ ਵਾਅਦਾ ਨਹੀਂ ਕਰ ਰਹੇ ਹਾਂ; ਅਸੀਂ ਯੋਜਨਾਬੱਧ ਢੰਗ ਨਾਲ ਨਿਯੁਕਤੀ ਪੱਤਰ, ਹੁਨਰ ਸਰਟੀਫਿਕੇਟ ਅਤੇ ਉੱਦਮਤਾ ਲਈ ਅਹਿਮ ਭੂਮਿਕਾ ਨਿਭਾ ਰਹੇ ਹਾਂ। ਪੰਜਾਬ ਦੇ ਨੌਜਵਾਨਾਂ ਨੂੰ ਹੁਣ ਵਿਕਾਸ ਲਈ ਬਾਹਰਲੇ ਮੁਲਕਾਂ ਵੱਲ ਦੇਖਣ ਦੀ ਲੋੜ ਨਹੀਂ ਹੈ। ਅਸੀਂ ਇੱਕ ਸਵੈ-ਨਿਰਭਰ ਪੰਜਾਬ ਦਾ ਨਿਰਮਾਣ ਕਰ ਰਹੇ ਹਾਂ ਜਿੱਥੇ ਪ੍ਰਤਿਭਾ ਨੂੰ ਪਛਾਣ ਕੇ ਸਿਖਲਾਈ ਅਤੇ ਰੋਜ਼ਗਾਰ ਦਿੱਤਾ ਜਾਂਦਾ ਹੈ।

ਸੂਬੇ ਦਾ ਅਧਿਕਾਰਤ ਪੋਰਟਲ ਪੀ.ਜੀ.ਆਰ.ਕੇ.ਏ.ਐਮ. (https://punjabro੍ਰgar.org.in/) ਨੌਕਰੀ ਬਾਜ਼ਾਰ ਵਿੱਚ ਇੱਕ ਬਦਲਾਅ ਵਜੋਂ ਉਭਰਿਆ ਹੈ, ਜਿਸ ਉੱਤੇ 22,41,165 ਤੋਂ ਵੱਧ ਨੌਕਰੀਆਂ ਲੱਭਣ ਵਾਲਿਆਂ ਅਤੇ 20,669 ਨੌਕਰੀ ਪ੍ਰਦਾਨ ਕਰਨ ਵਾਲਿਆਂ ਨੂੰ ਰਜਿਸਟਰ ਕੀਤਾ ਗਿਆ ਹੈ। ਇਸ ਪਲੇਟਫਾਰਮ ਨੇ 1316 ਰੋਜ਼ਗਾਰ ਮੇਲੇ ਕਰਵਾਏ ਗਏ, ਰੋਜ਼ਗਾਰ ਦੇ ਨਵੇਂ ਮੌਕਿਆਂ ਤੱਕ ਪਹੁੰਚ ਨੂੰ ਸੰਭਵ ਬਣਾਇਆ ਅਤੇ ਹੁਨਰ ਤੇ ਨੌਕਰੀਆਂ ਦਰਮਿਆਨ ਪਾੜੇ ਨੂੰ ਪੂਰਿਆ।

ਉਨ੍ਹਾਂ ਦੱਸਿਆ ਕਿ ਇੱਕ ਸ਼ਾਨਦਾਰ ਉੱਪਲਬਧੀ ਤਹਿਤ ਪੰਜਾਬ ਦੀਆਂ ਰੱਖਿਆ ਸਿਖਲਾਈ ਸੰਸਥਾਵਾਂ ਨੇ ਕੌਮੀ ਮਾਪਦੰਡ ਸਥਾਪਤ ਕੀਤੇ ਹਨ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਫ.ਏ.ਐਫ.ਪੀ.ਆਈ) ਵੱਲੋਂ ਐਨ.ਡੀ.ਏ. ਵਿੱਚ 82.45 ਫ਼ੀਸਦੀ ਸਫ਼ਲਤਾ ਦਰ ਦਰਜ ਕੀਤੀ ਗਈ ਹੈ, ਜਿਸ ਤਹਿਤ ਸਾਲ 2025 ਵਿੱਚ 34 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ./ਸਮਾਨ ਅਕਾਦਮੀਆਂ ਵਿੱਚ ਸ਼ਾਮਲ ਹੋਏ ਹਨ) ਅਤੇ 17 ਕੈਡਿਟਾਂ ਨੂੰ ਰੱਖਿਆ ਬਲਾਂ ਵਿੱਚ ਅਫ਼ਸਰ ਵਜੋਂ ਕਮਿਸ਼ਨ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਲੜਕੀਆਂ ਲਈ ਸੂਬੇ ਵੱਲੋਂ ਚਲਾਇਆ ਜਾ ਰਿਹਾ ਦੇਸ਼ ਦਾ ਪਹਿਲਾ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਸ਼ੁਰੂ ਕੀਤਾ ਹੈ, ਜਿਸ ਵਿੱਚ 40 ਲੜਕੀਆਂ ਨੂੰ ਕਮਿਸ਼ਨਡ ਅਫ਼ਸਰ ਬਣਨ ਲਈ ਸਿਖਲਾਈ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਸਿਖਲਾਈ ਅਕਾਦਮੀਆਂ ਵਿੱਚ ਸ਼ਾਮਲ ਹੋਣ ਲਈ 10 ਮਹਿਲਾ ਕੈਡੇਟਾਂ ਦੀ ਚੋਣ ਕੀਤੀ ਗਈ ਹੈ ਅਤੇ 7 ਮਹਿਲਾ ਕੈਡੇਟਾਂ ਨੂੰ ਅਫ਼ਸਰ ਵਜੋਂ ਕਮਿਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਾਲ 74 ਮਹਿਲਾ ਕੈਡੇਟਾਂ ਨੇ ਸੀ.ਡੀ.ਐਸ./ਏ.ਐਫ.ਸੀ.ਏ.ਟੀ./ਐਨ.ਡੀ.ਏ. ਦੀਆਂ ਲਿਖਤੀ ਪ੍ਰੀਖਿਆਵਾਂ ਪਾਸ ਕੀਤੀਆਂ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸੀ-ਪਾਈਟ ਸੈਂਟਰਾਂ ਨੇ ਹਥਿਆਰਬੰਦ ਅਤੇ ਅਰਧ ਸੈਨਿਕ ਬਲਾਂ ਲਈ 8017 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਹੈ, ਜਿਨ੍ਹਾਂ ਵਿੱਚੋਂ ਮੌਜੂਦਾ ਵਿੱਤੀ ਵਿੱਚ ਸਾਲ 1236 ਉਮੀਦਵਾਰਾਂ ਨੇ ਨੌਕਰੀਆਂ ਹਾਸਲ ਕੀਤੀਆਂ ਹਨ। ਇਹ ਸੈਂਟਰ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਦੇ ਸਮਰੱਥ ਬਣਾਉਂਦੇ ਹਨ।

ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਪੰਜਾਬ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਦਿੱਤੀ ਗਈ ਹਰ ਨੌਕਰੀ, ਹਰ ਹੁਨਰ ਸਿਖਲਾਈ ਅਤੇ ਤਿਆਰ ਕੀਤੇ ਗਏ ਸਾਰੇ ਉੱਦਮੀ ਸਾਡੇ ਸਭ ਤੋਂ ਕੀਮਤੀ ਸਰੋਤ ਹਨ, ਜੋ ਸੂਬੇ ਦੇ ਹੁਨਰਮੰਦ ਨੌਜਵਾਨਾਂ ਦੀ ਹਿਜਰਤ ਨੂੰ ਰੋਕਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਦੇ ਯਤਨ ਨੌਕਰੀਆਂ ਦੇ ਨਵੇਂ ਮੌਕੇ ਪ੍ਰਦਾਨ ਕਰਨ ਲਈ ਇੱਕ ਮਜ਼ਬੂਤ ਮਾਹੌਲ ਸਿਰਜ ਰਹੇ ਹਨ, ਜੋ ਨੌਜਵਾਨਾਂ ਨੂੰ ਪੰਜਾਬ ਅੰਦਰ ਹੀ ਇੱਕ ਵਿਹਾਰਕ ਅਤੇ ਪਸੰਦੀਦਾ ਭਵਿੱਖ ਪ੍ਰਦਾਨ ਕਰ ਰਹੇ ਹਨ।