ਰਾਜਪਾਲ ਕਟਾਰੀਆ ਨੂੰ ‘ਸ੍ਰੀ ਫ਼ਤਹਿਗੜ੍ਹ ਸਾਹਿਬ-ਸਰਬੋਤਮ ਕੁਰਬਾਨੀਆਂ ਦੀ ਧਰਤੀ’ ਪੁਸਤਕ ਭੇਟ
ਸਮਾਗਮ ਦੌਰਾਨ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਗਿਆ ਸਿਜਦਾ
ਚੰਡੀਗੜ੍ਹ : ਗੁਰੂ ਨਾਨਕ ਦੇਵ ਆਡੀਟੋਰੀਅਮ, ਲੋਕ ਭਵਨ, ਚੰਡੀਗੜ੍ਹ ਵਿਖੇ ਸ਼ਹੀਦੀ ਸ਼ਬਦ ਕੀਰਤਨ ’ਚ ਸ਼ਾਮਲ ਹੋਣ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਡਾ. ਹਿਤੇਂਦਰ ਸੂਰੀ ਵੱਲੋਂ ਪੁਸਤਕ ‘ਸ੍ਰੀ ਫਤਿਹਗੜ੍ਹ ਸਾਹਿਬ-ਸਰਬੋਤਮ ਕੁਰਬਾਨੀਆਂ ਦੀ ਧਰਤੀ’ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਨਿੱਕੀਆਂ ਜਿੰਦਾ ਵੱਡੇ ਸਾਕੇ’ ਨੂੰ ਵੱਡੇ ਰੂਪ ਵਿਚ ਪੇਸ਼ ਕੀਤਾ ਗਿਆ। ਇਸ ਨੂੰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਿਮਰਤਾ ਨਾਲ ਸਮਰਪਿਤ ਕੀਤਾ ਗਿਆ।
ਇਸ ਦੇ ਨਾਲ ਪ੍ਰੋ. ਅਸ਼ੋਕ ਸੂਦ ਜੋ ਸਦਾ ਟੀਮ ਲਈ ਮਜ਼ਬੂਤ ਸਹਾਰਾ ਬਣੇ ਰਹੇ ਅਤੇ ਪਦਮਸ਼੍ਰੀ ਜਗਜੀਤ ਸਿੰਘ ਦਰਦੀ, ਮਾਲਕ ਚੜ੍ਹਦੀਕਲਾ ਟਾਈਮ ਟੀ.ਵੀ. ਜਿਨ੍ਹਾਂ ਦੀ ਰਹਿਨੁਮਾਈ ਅਤੇ ਸਹਿਯੋਗ ਨਾਲ ਇਹ ਉਪਰਾਲਾ ਹੋਰ ਸਮਰੱਥ ਬਣਿਆ ਦਾ ਵੀ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਵਰਿੰਦਰ ਵਾਲੀਆ, ਸੰਪਾਦਕ ਪੰਜਾਬੀ ਜਾਗਰਣ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ’ਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ, ਸੀਨੀਅਰ ਭਾਜਪਾ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਸਤਿਆ ਪਾਲ ਜੈਨ, ਭਾਜਪਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ, ਭਾਜਪਾ ਜਨਰਲ ਸਕੱਤਰ ਰਾਮਵੀਰ ਭੱਟੀ, ਪਦਮ ਸ਼੍ਰੀ ਵਿਜੇ ਚੋਪੜਾ ਜੀ, ਐਡੀਟਰ-ਇਨ-ਚੀਫ, ਪੰਜਾਬ ਕੇਸਰੀ ਸ਼ਾਮਲ ਹੋਰ ਸਖਸ਼ੀਅਤਾਂ ਹਾਜ਼ਰ ਸਨ। ਡਾ. ਸੂਰੀ ਨੇ ਇਸ ਮੌਕੇ ਪ੍ਰੋ. ਅਚਰੂ ਸਿੰਘ ਦਾ ਤਹਿ ਦਿਲੋਂ ਅਤੇ ਸਤਿਕਾਰ ਪ੍ਰਗਟਾਇਆ, ਜਿਨ੍ਹਾਂ ਨੇ ਇਸ ਪੁਸਤਕ ਨੂੰ ਸ਼ੁੱਧਤਾ, ਸੰਵੇਦਨਸ਼ੀਲਤਾ ਅਤੇ ਬਾਰੀਕੀ ਨਾਲ ਸੰਪਾਦਿਤ ਕੀਤਾ। ਉਨ੍ਹਾਂ ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਹਰਿਆਣਾ ਦੇ ਰਾਜਪਾਲ ਅਸ਼ੀਮ ਕੁਮਾਰ ਘੋਸ਼, ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਉਚੇਚਾ ਧੰਨਵਾਦ ਕੀਤਾ।