ਸੱਟ ਤੋਂ ਉਭਰਨ ਮਗਰੋਂ ਡਰੱਗ ਕੰਟਰੋਲ ਅਫ਼ਸਰ ਨਵਨੀਤ ਕੌਰ ਨੇ ਕਾਇਮ ਕੀਤੀ ਮਿਸਾਲ
'ਸੁਪਰਾ ਮਿਸਿਜ਼ ਨੈਸ਼ਨਲ 2025' ’ਚ ਦੂਜਾ ਸਥਾਨ ਕੀਤਾ ਹਾਸਲ
ਮੋਹਾਲੀ: ਪੰਜਾਬ ਦੇ ਮੋਹਾਲੀ ਦੀ ਰਹਿਣ ਵਾਲੀ ਡਰੱਗ ਕੰਟਰੋਲ ਅਫਸਰ ਨਵਨੀਤ ਕੌਰ ਨੇ ਆਪਣੀ ਹਿੰਮਤ ਅਤੇ ਜਜ਼ਬੇ ਨਾਲ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਰੀੜ੍ਹ ਦੀ ਹੱਡੀ ਦੀ ਗੰਭੀਰ ਸੱਟ ਕਾਰਨ ਛੇ ਮਹੀਨੇ ਬਿਸਤਰੇ 'ਤੇ ਰਹਿਣ ਅਤੇ ਡਾਕਟਰਾਂ ਵੱਲੋਂ ਜਵਾਬ ਮਿਲਣ ਦੇ ਬਾਵਜੂਦ, ਉਨ੍ਹਾਂ ਨੇ ਨਾ ਸਿਰਫ਼ ਵਾਪਸੀ ਕੀਤੀ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ 'ਸੁਪਰਾ ਮਿਸਿਜ਼ ਨੈਸ਼ਨਲ 2025' ਮੁਕਾਬਲੇ ਵਿੱਚ ਪਹਿਲੀ ਰਨਰ-ਅੱਪ ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਨਵਨੀਤ ਕੌਰ ਦੀ ਜ਼ਿੰਦਗੀ ਚੁਣੌਤੀਆਂ ਨਾਲ ਭਰੀ ਰਹੀ ਹੈ। ਸਾਲ 2024 ਵਿੱਚ ਇੱਕ ਹਾਦਸੇ ਦੌਰਾਨ ਉਹ ਪੌੜੀਆਂ ਤੋਂ ਡਿੱਗ ਗਏ ਸਨ, ਜਿਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟ ਲੱਗੀ। ਡਾਕਟਰਾਂ ਨੇ ਕਿਹਾ ਸੀ ਕਿ ਉਹ ਸ਼ਾਇਦ ਕਦੇ ਦੁਬਾਰਾ ਚੱਲ ਨਹੀਂ ਸਕਣਗੇ। ਛੇ ਮਹੀਨੇ ਬਿਸਤਰੇ 'ਤੇ ਰਹਿਣ ਦੇ ਬਾਵਜੂਦ ਨਵਨੀਤ ਨੇ ਹਾਰ ਨਹੀਂ ਮੰਨੀ। ਯੋਗਾ ਅਤੇ ਜਿੰਮ ਦੀ ਮਦਦ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਮੁੜ ਪੈਰਾਂ 'ਤੇ ਖੜ੍ਹਾ ਕੀਤਾ।
ਸੁਪਰਾ ਮਿਸਿਜ਼ ਨੈਸ਼ਨਲ ਮੁਕਾਬਲੇ ਵਿੱਚ ਦੁਨੀਆ ਭਰ ਦੇ 25 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਇਸ ਮੁਕਾਬਲੇ ਵਿੱਚ ਰੂਸ ਪਹਿਲੇ ਨੰਬਰ 'ਤੇ ਰਿਹਾ, ਜਦਕਿ ਨਵਨੀਤ ਕੌਰ ਨੇ ਭਾਰਤ ਨੂੰ ਦੂਜਾ ਸਥਾਨ, ਉਹ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ। ਨਵਨੀਤ ਕੌਰ ਦਾ ਪਿਛੋਕੜ ਫੌਜੀ ਪਰਿਵਾਰ ਨਾਲ ਸਬੰਧਤ ਹੈ ਅਤੇ ਉਨ੍ਹਾਂ ਦੀ ਸ਼ਖਸੀਅਤ ਦੇ ਕਈ ਪਹਿਲੂ ਹਨ, ਮਹਿਜ਼ 6 ਸਾਲ ਦੀ ਉਮਰ ਵਿੱਚ ਉਹ ਆਲ ਇੰਡੀਆ ਰੇਡੀਓ ਦੀ ਸਭ ਤੋਂ ਛੋਟੀ ਰੇਡੀਓ ਜੌਕੀ ਬਣੀ। ਕਾਲਜ ਦੇ ਆਖਰੀ ਸਾਲ ਵਿੱਚ ਉਨ੍ਹਾਂ ਨੇ ਪੰਜਾਬ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕੀਤੀ ਅਤੇ ਸਭ ਤੋਂ ਘੱਟ ਉਮਰ ਦੇ ਡਰੱਗ ਕੰਟਰੋਲ ਅਫਸਰਾਂ ਵਿੱਚੋਂ ਇੱਕ ਬਣੇ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਚਾਰ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਨਵਨੀਤ ਕੌਰ ਇੱਕ 'ਸਿੰਗਲ ਮਦਰ' ਹਨ ਅਤੇ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ। ਉਹ ਮੰਨਦੇ ਹਨ ਕਿ ਉਨ੍ਹਾਂ ਦੀਆਂ ਨਿੱਜੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਇਆ ਹੈ। ਉਹ ਕਹਿੰਦੇ ਹਨ, "ਮੈਂ ਆਪਣੇ ਬੱਚੇ ਲਈ ਇੱਕ ਅਜਿਹੀ ਮਿਸਾਲ ਬਣਨਾ ਚਾਹੁੰਦੀ ਸੀ ਕਿ ਉਹ ਕੱਲ੍ਹ ਨੂੰ ਮਾਣ ਨਾਲ ਕਹਿ ਸਕੇ ਕਿ ਮੈਂ ਆਪਣੀ ਮਾਂ ਵਰਗਾ ਬਣਨਾ ਹੈ।" ਨਵਨੀਤ ਕੌਰ ਦੀ ਇਹ ਕਹਾਣੀ ਸਾਬਤ ਕਰਦੀ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ, ਤਾਂ ਕੋਈ ਵੀ ਸਰੀਰਕ ਜਾਂ ਮਾਨਸਿਕ ਰੁਕਾਵਟ ਤੁਹਾਨੂੰ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ।