ਸੜਕ ਹਾਦਸੇ ’ਚ ਅਪਾਹਜ ਹੋਏ 2 ਜਵਾਨ ਪੁੱਤਾਂ ਦੇ ਇਲਾਜ ਲਈ ਗਰੀਬ ਮਾਪਿਆਂ ਨੇ ਲਗਾਈ ਗੁਹਾਰ
ਦੋਵੇਂ ਨੌਜਵਾਨ ਪੁੱਤਰ ਬਿਕਰਮ ਤੇ ਵਿਸ਼ਾਲ 9 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਪਰਤ ਰਹੇ ਸਨ, ਰਸਤੇ ਵਿਚ ਵਾਪਰਿਆ ਹਾਦਸਾ
ਲੁਧਿਆਣਾ: ਮਾਛੀਵਾੜਾ ਨੇੜਲੇ ਪਿੰਡ ਭੱਟੀਆਂ ਵਿਖੇ ਇੱਕ ਗਰੀਬ ਮਾਪਿਆਂ ਦੇ 2 ਨੌਜਵਾਨ ਪੁੱਤਰ ਸੜਕ ਹਾਦਸੇ ਵਿਚ ਪੂਰੀ ਤਰ੍ਹਾਂ ਅਪਾਹਜ ਤੇ ਜ਼ਖ਼ਮੀ ਹੋਏ ਪਏ ਹਨ, ਜਿਨ੍ਹਾਂ ਦੇ ਇਲਾਜ ਲਈ ਲੱਖਾਂ ਰੁਪਏ ਦੀ ਲੋੜ ਹੈ। ਪਰ ਕੋਲ ਪੈਸੇ ਨਾ ਹੋਣ ਕਾਰਨ ਉਨ੍ਹਾਂ ਦਾਨੀ ਸੱਜਣਾਂ ਅੱਗੇ ਮੱਦਦ ਦੀ ਗੁਹਾਰ ਲਗਾਈ ਹੈ। ਪਿੰਡ ਭੱਟੀਆਂ ਦੀ ਵਾਸੀ ਮਾਤਾ ਨਿਰਮਲਾ ਨੇ ਦੱਸਿਆ ਕਿ ਉਸਦੇ ਦੋਵੇਂ ਨੌਜਵਾਨ ਪੁੱਤਰ ਬਿਕਰਮ ਤੇ ਵਿਸ਼ਾਲ ਲੰਘੀ 9 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੇ ਦੋਸਤ ਹਰਦੇਵ ਸਿੰਘ ਨਾਲ ਮੱਥਾ ਟੇਕ ਕੇ ਕਾਰ ਰਾਹੀਂ ਵਾਪਸ ਪਰਤ ਰਹੇ ਸਨ। ਰਸਤੇ ਵਿਚ ਸ਼ਹਿਰ ਬਿਆਸ ਨੇੜ੍ਹੇ ਉਨ੍ਹਾਂ ਦੀ ਕਾਰ ਡਿਵਾਇਡਰ ਨਾਲ ਟਕਰਾ ਗਈ ਜਿਸ ਵਿਚ ਉਸਦੇ ਦੋਵੇਂ ਪੁੱਤਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਜਦਕਿ ਉਨ੍ਹਾਂ ਦਾ ਦੋਸਤ ਹਾਦਸੇ ਦੌਰਾਨ ਮੌਤ ਦੇ ਮੂੰਹ ਵਿਚ ਜਾ ਪਿਆ।
ਹਾਦਸੇ ਵਿਚ ਜਖ਼ਮੀ ਹੋਏ ਦੋਵੇਂ ਨੌਜਵਾਨ ਬਿਕਰਮ ਦੀਆਂ ਇਲਾਜ ਦੌਰਾਨ ਦੋਵੇਂ ਬਾਂਹਾ ਕੱਟਣੀਆਂ ਪਈਆਂ ਤੇ ਉਸਦੀ ਲੱਤ ਚਾਰ ਜਗ੍ਹਾ ਤੋਂ ਟੁੱਟ ਗਈ, ਜਿਸ ਦਾ ਆਪ੍ਰੇਸ਼ਨ ਕਰ ਰਾਡ ਪਾਈ ਗਈ। ਦੂਸਰਾ ਪੁੱਤਰ ਵਿਸ਼ਾਲ ਦਾ ਚੂਲ੍ਹਾ ਟੁੱਟ ਗਿਆ, ਜਿਸ ਦਾ ਆਪ੍ਰੇਸ਼ਨ ਕਰਵਾਉਣਾ ਪਿਆ ਅਤੇ ਰੀੜ੍ਹ ਦੀ ਹੱਡੀ ਦੇ ਮਣਕੇ ਟੁੱਟ ਹੋਏ ਹਨ, ਜਿਸ ਕਾਰਨ ਉਹ ਬਿਸਤਰੇ ’ਤੇ ਪਏ ਹੋਣ ਕਾਰਨ ਚੱਲਣਾ ਫਿਰਨਾ ਤਾਂ ਦੂਰ ਉੱਠ ਕੇ ਬੈਠ ਵੀ ਨਹੀਂ ਸਕਦਾ। ਦੋਵੇਂ ਪੁੱਤਰਾਂ ਦੇ ਪਹਿਲੇ ਇਲਾਜ ਲਈ ਉਨ੍ਹਾਂ ਕੋਲ ਜੋ ਪੈਸੇ ਸਨ, ਉਹ ਸਾਰੇ ਦਵਾਈਆਂ ਆਦਿ ’ਤੇ ਲੱਗ ਗਏ, ਜਿਸ ਵਿਚ ਪਿੰਡ ਵਾਸੀਆਂ ਨੇ ਵੀ ਮੱਦਦ ਕੀਤੀ, ਤਾਂ ਜਾ ਕੇ ਉਹ ਆਪਣੇ ਪੁੱਤਰਾਂ ਨੂੰ ਘਰ ਲੈ ਕੇ ਆਏ।
ਹੁਣ ਡਾਕਟਰਾਂ ਵਲੋਂ ਛੋਟੇ ਲੜਕੇ ਵਿਸ਼ਾਲ ਦੀ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਕਰਵਾਉਣ ਲਈ ਕਿਹਾ ਹੈ, ਜਿਸ ਉੱਪਰ ਡੇਢ ਤੋਂ ਦੋ ਲੱਖ ਰੁਪਏ ਖਰਚਾ ਆਵੇਗਾ, ਜਿਸ ਤੋਂ ਬਾਅਦ ਉਹ ਤੁਰਨ ਫਿਰਨ ਤੇ ਰੋਜ਼ਗਾਰ ਕਰਨ ਦੇ ਸਮਰੱਥ ਹੋਵੇਗਾ। ਮਾਤਾ ਨਿਰਮਲਾ ਨੇ ਦੱਸਿਆ ਕਿ ਉਸ ਦਾ ਇੱਕ ਪੁੱਤਰ ਫੈਕਟਰੀ ਤੇ ਦੂਜਾ ਦੁਕਾਨ ’ਤੇ ਨੌਕਰੀ ਕਰਦਾ ਸੀ, ਜਿਸ ਤੋਂ ਬਾਅਦ ਪਰਿਵਾਰ ਦਾ ਪਾਲਣ ਪੋਸ਼ਣ ਹੁੰਦਾ ਸੀ। ਪਰ ਹੁਣ ਦੋਵੇਂ ਹੀ ਅਪਾਹਜ ਹੋ ਕੇ ਬਿਸਤਰਿਆਂ ’ਤੇ ਪਏ ਹਨ ਤੇ ਰੋਜ਼ਾਨਾ ਦਵਾਈਆਂ ’ਤੇ ਖਰਚਾ ਹੋ ਰਿਹਾ ਹੈ। ਇਸ ਸਮੇਂ ਪਰਿਵਾਰ ਦੇ ਹਾਲਾਤ ਇਹ ਹਨ ਕਿ ਦਵਾਈਆਂ ਤੇ ਆਪ੍ਰੇਸ਼ਨ ਲਈ ਵੀ ਪੈਸੇ ਨਹੀਂ ਹਨ।
ਨਿਰਮਲਾ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਪਹਿਲਾਂ ਮਜ਼ਦੂਰੀ ਕਰਦੇ ਸਨ, ਪਰ ਹੁਣ ਕੰਮਕਾਰ ਛੱਡ ਉਨ੍ਹਾਂ ਨੂੰ ਆਪਣੇ ਜਵਾਨ ਪੁੱਤਰਾਂ ਦਾ ਬਿਸਤਰੇ ’ਤੇ ਪਏ ਦਾ ਮਲ, ਮੂਤਰ ਸਾਫ਼ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਪੈਂਦੀ ਹੈ ਜਿਸ ਕਾਰਨ ਉਹ ਵੀ ਬੇਰੋਜ਼ਗਾਰ ਹੋ ਪੁੱਤਰਾਂ ਦੀ ਸੰਭਾਲ ਵਿਚ ਘਰ ਬੈਠੇ ਹਨ। ਇਨ੍ਹਾਂ ਗਰੀਬ ਮਾਪਿਆਂ ਨੇ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ, ਦਾਨੀ ਸੱਜਣਾਂ ਤੋਂ ਇਲਾਵਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਆਪਣੇ ਪੁੱਤਰਾਂ ਦੇ ਇਲਾਜ ਲਈ ਅੱਜ ਆਰਥਿਕ ਮੱਦਦ ਦੀ ਲੋੜ ਹੈ, ਜਿਸ ਲਈ ਉਹ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਉਣ। ਪਰਿਵਾਰ ਨਾਲ ਸੰਪਰਕ ਕਰਨ ਲਈ ਉਨ੍ਹਾਂ ਵਲੋਂ 75278-95288 ਸੰਪਰਕ ਨੰਬਰ ਵੀ ਦਿੱਤਾ ਗਿਆ ਹੈ।