30 ਨਵੰਬਰ ਤਕ ਨਿਆਇਕ ਹਿਰਾਸਤ 'ਚ ਰਹੇਗਾ ਜਗਤਾਰ ਸਿੰਘ ਜੌਹਲ

ਖ਼ਬਰਾਂ, ਪੰਜਾਬ

ਪੰਜਾਬ 'ਚ ਹਿੰਦੂ ਨੇਤਾਵਾਂ ਦੇ ਕਤਲ ਮਾਮਲੇ 'ਚ ਸ਼ਮੂਲੀਅਤ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ 30 ਨਵੰਬਰ ਤਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਜਗਤਾਰ ਸਿੰਘ ਜੌਹਲ ਨੂੰ ਮੋਗਾ ਜ਼ਿਲੇ ਦੀ ਹੇਠਲੀ ਅਦਾਲਤ ਬਾਘਾ ਪੁਰਾਣਾ ਨੇ ਨਿਆਇਕ ਹਿਰਾਸਤ 'ਚ ਭੇਜਣ ਦਾ ਫੈਸਲਾ ਸੁਣਾਇਆ। ਜਗਤਾਰ ਜੌਹਲ ਦੇ ਵਕੀਲ ਜਸਪਾਲ ਸਿੰਘ ਮਾਂਝਪੁਰ ਨੇ ਦੱਸਿਆ ਕਿ ਪਿਛਲੀ ਸੁਣਵਾਈ ਦੌਰਾਨ ਜਗਤਾਰ ਸਿੰਘ ਨੇ ਪੁਲਸ ਦੇ ਅਣ-ਮਨੁੱਖੀ ਵਿਵਹਾਰ ਦੀ ਸ਼ਿਕਾਇਤ ਦਰਜ ਕੀਤੀ ਸੀ, ਅਦਾਲਤ ਨੇ ਇਸ ਬਾਰੇ ਪੁਲਸ ਨੂੰ ਆਪਣਾ ਪੱਖ ਰੱਖਣ ਨੂੰ ਕਿਹਾ।


ਹਾਲਾਂਕਿ ਪੁਲਸ ਨੇ ਅਦਾਲਤ ਸਾਹਮਣੇ ਕਿਹਾ ਕਿ ਜਗਤਾਰ ਨਾਲ ਕਿਸੇ ਤਰ੍ਹਾਂ ਦਾ ਅਣ-ਮਨੁੱਖੀ ਵਿਵਹਾਰ ਨਹੀਂ ਕੀਤਾ ਗਿਆ। ਬਰਤਾਨਵੀ ਨਾਗਰਿਕ ਜੌਹਲ ਨੂੰ 4 ਨਵੰਬਰ ਨੂੰ ਮੋਗਾ ਜ਼ਿਲੇ ਦੀ ਪੁਲਸ ਨੇ ਜਲੰਧਰ ਦੇ ਰਾਮਾਮੰਡੀ ਇਲਾਕੇ ਤੋਂ ਗ੍ਰਿਫਤਾਰ ਕੀਤਾ। ਜੌਹਲ ਨੂੰ ਅਦਾਲਤ 'ਚ ਮਿਲਣ ਲਈ ਉਸ ਦੇ ਸੱਸ ਸਹੁਰੇ ਤੋਂ ਇਲਾਵਾ ਬ੍ਰਿਟਿਸ਼ ਦੂਤਘਰ ਦੇ ਅਧਿਕਾਰੀ ਵੀ ਆਏ ਸਨ। ਜੌਹਲ ਨਾਲ ਗੱਲ ਕਰਨ ਤੋਂ ਬਾਅਦ ਉਸ ਦੀ ਸੱਸ ਫੁੱਟ-ਫੁੱਟ ਕੇ ਰੋਣ ਲੱਗ ਪਈ।

ਜਲੰਧਰ ਜ਼ਿਲੇ ਦੇ ਬਲਵਿੰਦਰ ਸਿੰਘ ਨੇ ਬਾਘਾ ਪੁਰਾਣਾ ਕੋਰਟ ਬਾਹਰ ਦੱਸਿਆ ਕਿ ਬੀਤੀ 18 ਅਕਤੂਬਰ ਨੂੰ ਆਪਣੀ ਬੇਟੀ ਗੁਰਪ੍ਰੀਤ ਕੌਰ ਦਾ ਵਿਆਹ ਜਗਾਤਰ ਨਾਲ ਕਰਵਾਇਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਫਗਵਾੜਾ ਨੇੜੇ ਕਿਸੇ ਥਾਂ 'ਤੇ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ। ਇਸੇ ਦੌਰਾਨ ਉਹ ਜੌਹਲ ਦੇ ਕਿਸੇ ਰਿਸ਼ਤੇਦਾਰ ਨੂੰ ਮਿਲੀ ਤੇ ਉਥੋਂ ਹੀ ਵਿਆਹ ਦੀ ਗੱਲ ਸ਼ੁਰੂ ਹੋਈ। ਜੌਹਲ 2 ਅਕਤੂਬਰ ਨੂੰ ਭਾਰਤ ਆਇਆ ਸੀ ਤੇ ਵਿਆਹ ਦੇ 2 ਹਫਤੇ ਬਾਅਦ ਹੀ ਉਸ ਨੂੰ ਮੋਗਾ ਜ਼ਿਲੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੇ ਜਗਤਾਰ ਦੀ ਜੱਦੀ ਜ਼ਮੀਨ ਦੀ ਜਾਂਚ ਕੀਤੀ ਸੀ? ਤਾਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਇਕ ਰਿਸ਼ਤੇਦਾਰ ਨੇ ਯੂ.ਕੇ. 'ਚ ਜਗਤਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਪਰ ਸਾਨੂੰ ਕਦੀਂ ਵੀ ਕਿਸੇ ਗੱਲ 'ਤੇ ਸ਼ੱਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ, ''ਇਹ ਕੋਈ ਚੋਰੀ ਨਾਲ ਕੀਤਾ ਗਿਆ ਵਿਆਹ ਨਹੀਂ ਸੀ, 5 ਮਹੀਨੇ ਪਹਿਲਾਂ ਸਗਾਈ ਹੋਈ ਸੀ। ਨਕੋਦਰ ਦੇ ਇਕ ਬੈਂਕਵੇਟ ਹਾਲ 'ਚ ਵਿਆਹ ਕਰਵਇਆ ਗਿਆ। ਜਗਤਾਰ ਦੇ 50 ਕੁ ਰਿਸ਼ਤੇਦਾਰ ਵੀ ਸਕਾਟਲੈਂਡ ਤੋਂ ਆਏ ਸਨ।''
ਬਲਵਿੰਦਰ ਤੇ ਉਨ੍ਹਾਂ ਦੀ ਪਤਨੀ ਅਮਨਦੀਪ ਮੰਨਦੇ ਹਨ ਕਿ ਉਨ੍ਹਾਂ ਦਾ ਜਵਾਈ ਬੇਕਸੂਰ ਹੈ। ਉਨ੍ਹਾਂ ਤੈਅ ਕਰ ਲਿਆ ਹੈ ਕਿ ਉਹ ਉਸ ਨੂੰ ਇਨ੍ਹਾਂ ਹਾਲਾਤਾਂ 'ਚ ਇਕੱਲਾ ਨਹੀਂ ਛੱਡਣਗੇ। ਬਲਵਿੰਦਰ ਸਿੰਘ ਨੇ ਦੁੱਖ ਭਰੀ ਆਵਾਜ਼ 'ਚ ਕਿਹਾ, 'ਅਸੀਂ ਉਨ੍ਹਾਂ ਨੂੰ ਆਪਣੀ ਧੀ ਦਿੱਤੀ ਹੈ।' ਜਗਤਾਰ ਸਿੰਘ 'ਤੇ ਕਤਲ 'ਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦਾ ਦੋਸ਼ ਨਹੀਂ ਹੈ। ਕਤਲ ਕਰਨ ਦੇ ਸ਼ੱਕ 'ਚ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਲੋਕਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਤੋਂ ਉਨ੍ਹਾਂ ਨੂੰ ਹਥਿਆਰ ਖਰੀਦਣ 'ਚ ਮਦਦ ਮਿਲੀ ਸੀ ਉਨ੍ਹਾਂ 'ਚ ਜਗਤਾਰ ਵੀ ਸ਼ਾਮਲ ਹੈ।​​​​​​​