ਕੀਟਨਾਸ਼ਕ ਦੀ ਸਪਰੇਅ ਨੇ ਦੋ ਕਿਸਾਨਾਂ ਦੇ ਸੁਫਨੇ ਕੀਤੇ ਚਕਨਾਚੂਰ, 70 ਏਕੜ ਕਣਕ ਤਬਾਹ!

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਤੋਂ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਦੀ ਮੰਗ

file photo

ਬਰਨਾਲਾ : ਸਥਾਨਕ ਪਿੰਡ ਟੱਲੇਵਾਲ ਵਿਖੇ ਕੀਟਨਾਸ਼ਕ ਦੀ ਸਪਰੇਅ ਨਾਲ ਦੋ ਭਰਾਵਾਂ ਦੀ 70 ਏਕੜ ਕਣਕ ਤਬਾਹ ਹੋ ਗਈ। ਕਿਸਾਨ ਭਰਾਵਾਂ ਨੇ ਇਸ ਨੁਕਸਾਨ ਲਈ ਇਕ ਕੀਟਨਾਸ਼ਕ ਕੰਪਨੀ ਨੂੰ ਜਿੰਮੇਵਾਰ ਦਸਿਆ ਹੈ। ਕਿਸਾਨਾਂ ਅਨੁਸਾਰ ਦਵਾਈ ਕੰਪਨੀ ਦੀ ਅਣਗਹਿਲੀ ਕਾਰਨ ਉਨ੍ਹਾ ਦਾ ਤਕਰੀਬਨ 1 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਧਰ ਕਿਸਾਨ ਜੱਥੇਬੰਦੀਆਂ ਨੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਨਾ ਹੋਣ ਦੀ ਸੂਰਤ 'ਚ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿਤੀ ਹੈ।

ਬਰਨਾਲਾ ਦੇ ਪਿੰਡ ਟੱਲੇਵਾਲ ਦੇ ਦੋ ਕਿਸਾਨ ਭਾਰਵਾਂ ਨੇ 70 ਏਕੜ ਜ਼ਮੀਨ ਠੇਕੇ ਤੇ ਲੈ ਕੇ ਕਣਕ ਦੀ ਫ਼ਸਲ ਬੀਜੀ ਸੀ। ਕਣਕ ਨੂੰ ਬਿਮਾਰੀ ਤੋਂ ਬਚਾਉਣ ਦੇ ਮਕਸਦ ਨਾਲ ਉਨ੍ਹਾਂ ਨੇ ਇਕ ਅੰਤਰ ਰਾਸ਼ਟਰੀ ਕੀਟਨਾਸ਼ਕ ਕੰਪਨੀ ਦੇ ਅਧਿਕਾਰੀਆਂ ਦੇ ਕਹਿਣ ਤੇ ਵੱਧ ਮਾਤਰਾ 'ਚ ਕੀਟਨਾਸ਼ਕ ਖੇਤਾਂ 'ਚ ਪਾ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਦੀ ਸਾਰੀ ਫ਼ਸਲ ਤਬਾਹ ਹੋ ਗਈ।

ਉਥੇ ਹੀ ਮੌਕੇ 'ਤੇ ਪਹੁੰਚੇ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਮੌਕਾ ਵੇਖਣ ਆਏ ਕੰਪਨੀ ਦੇ ਅਧਿਕਾਰੀਆਂ ਅਤੇ ਦੁਕਾਨਦਾਰ ਨੂੰ ਬੰਦਕ ਬਣਾਉਂਦਿਆਂ ਕਿਹਾ ਕਿ ਜਦ ਤਕ ਨੁਕਸਾਨ ਦੀ ਭਰਪਾਈ ਨਹੀਂ ਹੋ ਜਾਂਦੀ ਉਨ੍ਹਾਂ ਨੂੰ ਨਹੀਂ ਛੱਡਿਆ ਜਾਵੇਗਾ।

ਪੀੜਤ ਕਿਸਾਨ ਭਰਾਵਾਂ ਪਰਮਜੀਤ ਸਿੰਘ ਅਤੇ ਜਗਤਾਰ ਸਿੰਘ ਨੇ ਕਿਹਾ ਕਿ ਕੰਪਨੀ ਦੀ ਕੀਟਨਾਸ਼ਕ ਦਵਾਈ ਨਕਲੀ ਸੀ ਜਿਸ ਕਾਰਨ ਉਨ੍ਹਾਂ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੰਪਨੀ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।

ਕੰਪਨੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਨੁਕਸਾਨ ਦਵਾਈ ਦੇ ਸਪਰੇਅ ਕਰਨ ਤੋਂ ਬਾਅਦ ਹੋਈ ਬਾਰਿਸ਼ ਨਾਲ ਹੋਇਆ ਹੈ। ਇਸ ਸਬੰਧੀ ਕੰਪਨੀ ਨੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਕੰਪਨੀ ਨੇ ਪੀੜਤ ਕਿਸਾਨਾਂ ਤੋਂ ਇਕ ਹਫ਼ਤੇ ਦੀ ਮੋਹਲਤ ਮੰਗੀ ਹੈ।