ਪੰਜਾਬ-ਹਰਿਆਣਾ ਤੋਂ ਮੁੜ ਕਿਸਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਮੋਰਚੇ ਵਲ ਕੂਚ ਕਰਨ ਲੱਗੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ-ਹਰਿਆਣਾ ਤੋਂ ਮੁੜ ਕਿਸਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਮੋਰਚੇ ਵਲ ਕੂਚ ਕਰਨ ਲੱਗੇ

image

ਪਿੰਡ ਪੱਧਰ 'ਤੇ ਮੀਟਿੰਗਾਂ ਤੋਂ ਬਾਅਦ ਘਰ ਘਰ ਤੋਂ ਭੇਜਿਆ ਜਾ ਰਿਹਾ ਹੈ ਇਕ ਇਕ ਮੈਂਬਰ


ਚੰਡੀਗੜ੍ਹ, 29 ਜਨਵਰੀ (ਗੁਰਉਪਦੇਸ਼ ਭੁੱਲਰ) : 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਕੇਸਰੀ ਤੇ ਕਿਸਾਨੀ ਦਾ ਝੰਡਾ ਲਹਿਰਾਉਣ ਸਮੇਂ ਹੋਏ ਘਟਨਾ ਕ੍ਰਮ, ਉਤਰ ਪ੍ਰਦੇਸ਼ ਦੇ ਪ੍ਰਮੱਖ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਭਾਜਪਾਈਆਂ ਤੇ ਪੁਲਿਸ ਦੀ ਕਾਰਵਾਈ ਦੇ ਵਿਰੋਧ ਅਤੇ ਅੱਜ ਸਵੇਰੇ ਪੁਲਿਸ ਦੀ ਮੌਜੂਦਗੀ ਵਿਚ ਸਥਾਨਕ ਲੋਕਾਂ ਦੇ ਨਾਂ 'ਤੇ ਕੁੱਝ ਭਾਜਪਾ ਕਾਰਕੁਨਾਂ ਦੀ ਅਗਵਾਈ ਹੇਠ ਸਿੰਘੂ ਬਾਰਡਰ 'ਤੇ ਕਿਸਾਨਾਂ ਉਪਰ ਹੋਏ ਹਮਲੇ ਅਤੇ ਟਿਕਰੀ ਬਾਰਡਰ 'ਤੇ ਵੀ ਕੁੱਝ ਮੁੱਠੀ ਭਰ ਲੋਕਾਂ ਵਲੋਂ ਕੀਤੇ ਅਜਿਹੇ ਪ੍ਰਦਰਸ਼ਨ ਤੋਂ ਬਾਅਦ ਕਿਸਾਨੀ ਅੰਦੋਲਨ ਕਮਜ਼ੋਰ ਹੋਣ ਦੀ ਥਾਂ ਉਲਟਾ ਹੋਰ ਜ਼ੋਰ ਫੜਦਾ ਵਿਖਾਈ ਦੇ ਰਿਹਾ ਹੈ |
26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦੀ ਗਿਣਤੀ ਇਕ ਦਮ ਘਟਣ ਲੱਗੀ ਸੀ ਪਰ ਸਰਕਾਰੀ ਸਾਜ਼ਿਸ਼ ਦੀ ਗੱਲ ਆਮ ਲੋਕਾਂ ਦੇ ਸਮਝ ਵਿਚ ਆਉਣ ਬਾਅਦ ਹੁਣ ਇਕ ਵਾਰ ਫਿਰ ਕਿਸਾਨਾਂ ਦੀ ਅਪਣੇ ਪਿੰਡਾਂ ਤੋਂ ਦਿੱਲੀ ਵਲ ਵਾਪਸੀ ਸ਼ੁਰੂ ਹੋ ਚੁੱਕੀ ਹੈ | ਜਿਥੇ ਟਿਕੈਤ ਦੇ ਭਾਵੁਕ ਹੋਣ ਬੁਾਅਦ ਗਾਜ਼ੀਪੁਰ ਬਾਰਡਰ 'ਤੇ ਯੂਪੀ ਤੋਂ ਹਜ਼ਾਰਾਂ ਕਿਸਾਨਾਂ ਦੇ ਕਾਫ਼ਲੇ ਬੀਤੀ ਰਾਤ ਹੀ ਆਉਣੇ ਸ਼ੁਰੂ ਹੋਏ ਸਨ, ਉਥੇ ਪੰਜਾਬ, ਹਰਿਆਣਾ ਤੋਂ ਮਿਲੀਆਂ ਰੀਪੋਰਟਾਂ ਅਨੁਸਾਰ ਇਥੋਂ ਵੀ ਮੁੜ ਸੈਂਕੜੇ ਟਰੈਕਟਰਾਂ ਨੇ ਪੂਰੇ ਰਾਸ਼ਣ ਪਾਣੀ ਸਮੇਤ ਦਿੱਲੀ ਦੀਆਂ ਹੱਦਾਂ ਵੱਲ ਕੂਚ ਕਰਨਾ ਸ਼ੁਰੂ ਕਰ ਦਿਤਾ ਹੈ | 30 ਜਨਵਰੀ ਨੂੰ ਦੇਸ਼ ਪੱਧਰੀ ਭੁੱਖ ਹੜਤਾਲ ਨਾਲ ਨਵੀਂ ਸ਼ੁਰੂਆਤ ਹੋ ਰਹੀ ਹੈ | ਕਿਸਾਨ ਮੋਰਚੇ ਦੇ ਆਗੂਆਂ ਵਲੋਂ ਸ਼ਾਂਤਮਈ ਅੰਦੋਲਨ ਜਾਰੀ ਰੱਖਣ ਤੇ ਕਿਸਾਨਾਂ ਨੂੰ ਵਾਪਸ ਘਰਾਂ ਤੋਂ ਮੋਰਚੇ ਵਿਚ ਆਉਣ ਦੀ ਅਪੀਲ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿਚ ਪੰਚਾਇਤ ਪੱਧਰ 'ਤੇ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ | ਘਰ ਘਰ ਤੋਂ ਇਕ ਇਕ ਵਿਅਕਤੀ ਮੋਰਚੇ ਵਿਚ ਭੇਜਿਆ ਜਾ ਰਿਹਾ ਹੈ | ਇਸੇ ਤਰ੍ਹਾਂ ਦੀ ਸਥਿਤੀ ਹਰਿਆਣਾ ਦੀ ਹੈ | ਖਾਪ ਪੰਚਾਇਤਾਂ ਵੀ ਇਕ ਵਾਰ ਮੁੜ ਫਿਰ ਤੋਂ ਸਰਗਰਮ ਹੋਈਆਂ ਹਨ |