ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਦਿੱਤਾ ਅਸਤੀਫ਼ਾ
ਪਾਰਟੀ ਤੋਂ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਕੀਤਾ ਐਲਾਨ
ਚੰਡੀਗੜ੍ਹ : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਕੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਖੰਗੂੜਾ ਨੇ ਅੱਜ ਪਾਰਟੀ ਨਾਲ ਜੁੜੇ 20 ਸਾਲ ਦੇ ਪੁਰਾਣੇ ਨਾਤੇ ਨੂੰ ਤੋੜ ਲਿਆ ਅਤੇ ਆਪਣੇ ਪਿਤਾ ਦੇ ਨਾਲ ਅਸਤੀਫ਼ਾ ਦੇ ਦਿੱਤਾ। ਸੋਨੀਆ ਗਾਂਧੀ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਉਨ੍ਹਾਂ ਲਿਖਿਆ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ।
ਜੱਸੀ ਖੰਗੂੜਾ ਨੇ ਲਿਖਿਆ ਕਿ ਉਹ ਪਿਛਲੇ 20 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਦੇ ਪਿਤਾ ਨੇ ਵੀ 60 ਸਾਲਾਂ ਤੱਕ ਪਾਰਟੀ ਦਾ ਸਾਥ ਨਿਭਾਇਆ ਤੇ ਉਹ ਵੀ ਉਨ੍ਹਾਂ ਨਾਲ ਪਾਰਟੀ ਛੱਡ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਅਸਤੀਫ਼ੇ ਵਿਚ ਲਿਖਿਆ ਕਿ ਇੱਕ ਵਿਧਾਇਕ ਵਜੋਂ ਮੈਨੂੰ ਬਹੁਤ ਸਾਰੇ ਵਿਕਾਸ ਦੇ ਮੁੱਦਿਆਂ ਬਾਰੇ ਪਤਾ ਲੱਗਾ ਤੇ ਮੈਨੂੰ ਕਈ ਤਜ਼ਰਬੇ ਹੋਏ।
ਅਖੀਰ ਵਿੱਚ ਜੱਸੀ ਖੰਗੂੜਾ ਨੇ ਪਾਰਟੀ ਦਾ ਧੰਨਵਾਦ ਕੀਤਾ ਕਿ ਪਾਰਟੀ ਨੇ ਉਨ੍ਹਾਂ ਨੂੰ ਸੂਬੇ ਵਿੱਚ ਕਈ ਚੋਣਾਂ ਲੜਨ ਦਾ ਮੌਕਾ ਦਿੱਤਾ। ਆਪਣੇ ਅਸਤੀਫ਼ੇ ਪਿੱਛੋਂ ਖੰਗੂੜਾ ਨੇ ਟਵੀਟ ਕਰਕੇ ਕਿਹਾ ਕਿ ਸਾਡੇ ਫ਼ੈਸਲੇ ਹੀ ਸਾਡੀ ਕਿਸਮਤ ਤੈਅ ਕਰਦੇ ਹਨ।